#INDIA

’84 ਸਿੱਖ ਵਿਰੋਧੀ ਦੰਗੇ; ਦਿੱਲੀ ਪੁਲਿਸ ਵੱਲੋਂ ਸੱਜਣ ਕੁਮਾਰ ਲਈ ਸਜ਼ਾ-ਏ-ਮੌਤ ਦੀ ਮੰਗ

-21 ਫਰਵਰੀ ਨੂੰ ਹੋ ਸਕਦੈ ਸਜ਼ਾ ਦਾ ਐਲਾਨ
ਨਵੀਂ ਦਿੱਲੀ, 19 ਫਰਵਰੀ (ਪੰਜਾਬ ਮੇਲ)- ਦਿੱਲੀ ‘ਚ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ‘ਚ ਕਾਂਗਰਸ ਦੇ ਸਾਬਕਾ ਨੇਤਾ ਅਤੇ ਸੰਸਦ ਮੈਂਬਰ ਸੱਜਣ ਕੁਮਾਰ ਦੀ ਸਜ਼ਾ ਦਾ ਐਲਾਨ ਹੁਣ 21 ਫਰਵਰੀ ਨੂੰ ਹੋਵੇਗਾ। ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਸੱਜਣ ਕੁਮਾਰ ਲਈ ਸਜ਼ਾ-ਏ-ਮੌਤ ਮੰਗੀ। ਪੀੜਤ ਪੱਖ ਨੇ ਵੀ ਇਸੇ ਸਜ਼ਾ ਦੀ ਮੰਗ ਕੀਤੀ ਅਤੇ ਇਸ ਨੂੰ ‘ਦੁਰਲੱਭ ਤੋਂ ਦੁਰਲੱਭ’ ਅਪਰਾਧ ਦੱਸਿਆ ਗਿਆ ਹੈ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੂੰ ਇਸ ਪਟੀਸ਼ਨ ਬਾਰੇ ਇਸਤਗਾਸਾ ਪੱਖ ਵੱਲੋਂ ਦਾਇਰ ਇਕ ਲਿਖਤੀ ਹਲਫ਼ਨਾਮੇ ‘ਚ ਸੂਚਿਤ ਕੀਤਾ ਗਿਆ। ਕਤਲ ਦੀ ਘੱਟੋ-ਘੱਟ ਸਜ਼ਾ ਉਮਰ ਕੈਦ ਹੈ। ਕੁਮਾਰ ਦੇ ਵਕੀਲ ਨੇ ਮਾਮਲੇ ‘ਤੇ ਬਹਿਸ ਕਰਨ ਲਈ ਸਮਾਂ ਮੰਗਿਆ, ਜਿਸ ਤੋਂ ਬਾਅਦ ਜੱਜ ਨੇ ਇਹ ਕਹਿੰਦੇ ਹੋਏ ਮਾਮਲੇ ਦੀ ਸੁਣਵਾਈ 21 ਫਰਵਰੀ ਤੱਕ ਲਈ ਮੁਲਤਵੀ ਕਰ ਦਿੱਤੀ ਕਿ ਵਕੀਲ, ਐਡਵੋਕੇਟ ਸੋਧ ਬਿੱਲ 2025 ਦੇ ਵਿਰੋਧ ‘ਚ ਮੰਗਲਵਾਰ ਨੂੰ ਕੰਮ ਨਹੀਂ ਕਰਨਗੇ। ਸ਼ਿਕਾਇਤਕਰਤਾ ਦੇ ਵਕੀਲ ਸੀਨੀਅਰ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਇਸਤਗਾਸਾ ਪੱਖ ਦੀ ਸਜ਼ਾ-ਏ-ਮੌਤ ਦੀ ਮੰਗ ਦਾ ਸਮਰਥਨ ਕੀਤਾ ਅਤੇ ਬਹਿਸ ਲਈ ਸਮਾਂ ਮੰਗਿਆ। ਕੁਮਾਰ ਫਿਲਹਾਲ ਤਿਹਾੜ ਜੇਲ੍ਹ ‘ਚ ਬੰਦ ਹੈ।
ਜਸਵੰਤ ਸਿੰਘ ਅਤੇ ਉਸ ਦੇ ਬੇਟੇ ਤਰੁਣਦੀਪ ਸਿੰਘ ਦਾ ਇਕ ਨਵੰਬਰ 1984 ਨੂੰ ਕਤਲ ਕਰ ਦਿੱਤਾ ਗਿਆ ਸੀ। ਕਤਲ ਦੇ ਸਿਲਸਿਲੇ ‘ਚ ਪੰਜਾਬੀ ਬਾਗ ਥਾਣੇ ‘ਚ ਮਾਮਲਾ ਦਰਜ ਕੀਤਾ ਸੀ ਪਰ ਬਾਅਦ ‘ਚ ਇਕ ਵਿਸ਼ੇਸ਼ ਜਾਂਚ ਦਲ ਨੇ ਜਾਂਚ ਦੀ ਜ਼ਿੰਮੇਵਾਰੀ ਲੈ ਲਈ ਸੀ। ਅਦਾਲਤ ਨੇ 16 ਦਸੰਬਰ 2021 ਨੂੰ ਕੁਮਾਰ ਖ਼ਿਲਾਫ਼ ਦੋਸ਼ ਤੈਅ ਕੀਤੇ। ਕਾਂਗਰਸ ਦੇ ਉਸ ਸਮੇਂ ਦੇ ਪ੍ਰਭਾਵਸ਼ਾਲੀ ਨੇਤਾ ਅਤੇ ਸੰਸਦ ਮੈਂਬਰ ਰਹੇ ਕੁਮਾਰ ਸਾਲ 1984 ‘ਚ ਇਕ ਅਤੇ 2 ਨਵੰਬਰ ਨੂੰ ਦਿੱਲੀ ਦੀ ਪਾਲਮ ਕਾਲੋਨੀ ‘ਚ 5 ਲੋਕਾਂ ਦੇ ਕਤਲ ਮਾਮਲੇ ‘ਚ ਦੋਸ਼ੀ ਸਨ। ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ‘ਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਅਪੀਲ ਸਰਵਉੱਚ ਅਦਾਲਤ ‘ਚ ਪੈਂਡਿੰਗ ਹੈ।