#AMERICA

ਪਨਾਮਾ ਨੇ ਹੋਟਲ ‘ਚ ਹਿਰਾਸਤ ‘ਚ ਰੱਖੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ

ਪਨਾਮਾ ਸਿਟੀ, 19 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੁਆਰਾ ਦੇਸ਼ ਨਿਕਾਲਾ ਦਿੱਤੇ ਗਏ ਵੱਖ-ਵੱਖ ਦੇਸ਼ਾਂ ਦੇ ਲਗਭਗ 300 ਲੋਕਾਂ ਨੂੰ ਪਨਾਮਾ ਨੇ ਇੱਕ ਹੋਟਲ ਵਿਚ ਹਿਰਾਸਤ ਵਿਚ ਰੱਖਿਆ ਹੈ ਅਤੇ ਉਨ੍ਹਾਂ ਨੂੰ ਉਦੋਂ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੰਦੀ ਜਾਵੇਗੀ, ਜਦੋਂ ਤੱਕ ਅੰਤਰਰਾਸ਼ਟਰੀ ਅਧਿਕਾਰੀ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਨਹੀਂ ਕਰਦੇ। ਅਧਿਕਾਰੀਆਂ ਨੇ ਕਿਹਾ ਕਿ 40 ਫੀਸਦੀ ਤੋਂ ਵੱਧ ਪ੍ਰਵਾਸੀ ਆਪਣੀ ਮਰਜ਼ੀ ਨਾਲ ਆਪਣੇ ਵਤਨ ਵਾਪਸ ਨਹੀਂ ਜਾਣਾ ਚਾਹੁੰਦੇ ਅਤੇ ਉਨ੍ਹਾਂ ਨੇ ਹੋਟਲ ਦੇ ਕਮਰਿਆਂ ਦੀਆਂ ਖਿੜਕੀਆਂ ‘ਤੇ ”ਮਦਦ ਕਰੋ” ਅਤੇ ”ਅਸੀਂ ਆਪਣੇ ਦੇਸ਼ ਵਿਚ ਸੁਰੱਖਿਅਤ ਨਹੀਂ ਹਾਂ” ਵਰਗੇ ਸੁਨੇਹੇ ਲਿਖੇ ਹੋਏ ਹਨ। ਇਹ ਪ੍ਰਵਾਸੀ ਈਰਾਨ, ਭਾਰਤ, ਨੇਪਾਲ, ਸ਼੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ ਅਤੇ ਚੀਨ ਸਮੇਤ ਹੋਰ ਦੇਸ਼ਾਂ ਤੋਂ ਹਨ।
ਅਮਰੀਕਾ ਨੂੰ ਇਨ੍ਹਾਂ ਵਿਚੋਂ ਕੁਝ ਦੇਸ਼ਾਂ ਵਿਚ ਸਿੱਧੇ ਤੌਰ ‘ਤੇ ਡਿਪੋਰਟ ਕਰਨ ਵਿਚ ਮੁਸ਼ਕਲ ਆ ਰਹੀ ਹੈ, ਇਸ ਲਈ ਪਨਾਮਾ ਨੂੰ ਇੱਕ ਸਟਾਪਓਵਰ ਵਜੋਂ ਵਰਤਿਆ ਜਾ ਰਿਹਾ ਹੈ। ਪਨਾਮਾ ਦੇ ਸੁਰੱਖਿਆ ਮੰਤਰੀ ਫਰੈਂਕ ਅਬਰੇਗੋ ਨੇ ਮੰਗਲਵਾਰ ਨੂੰ ਕਿਹਾ ਕਿ ਪਨਾਮਾ ਅਤੇ ਅਮਰੀਕਾ ਵਿਚਕਾਰ ਹੋਏ ਪ੍ਰਵਾਸ ਸਮਝੌਤੇ ਦੇ ਤਹਿਤ ਪ੍ਰਵਾਸੀਆਂ ਨੂੰ ਡਾਕਟਰੀ ਦੇਖਭਾਲ ਅਤੇ ਭੋਜਨ ਪ੍ਰਦਾਨ ਕੀਤਾ ਜਾ ਰਿਹਾ ਹੈ। ਪਨਾਮਾ ਸਰਕਾਰ ਹੁਣ ਡਿਪੋਰਟੀਆਂ ਲਈ ”ਪੁਲ” ਵਜੋਂ ਕੰਮ ਕਰਨ ਲਈ ਸਹਿਮਤ ਹੋ ਗਈ ਹੈ, ਜਦੋਂਕਿ ਅਮਰੀਕਾ ਇਸ ਕਾਰਵਾਈ ਦੇ ਸਾਰੇ ਖਰਚੇ ਨੂੰ ਪੂਰਾ ਕਰੇਗਾ। ਇਸ ਮਹੀਨੇ ਦੇ ਸ਼ੁਰੂ ਵਿਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਦੌਰੇ ਤੋਂ ਬਾਅਦ ਇਸ ਸਮਝੌਤੇ ਦਾ ਐਲਾਨ ਕੀਤਾ ਗਿਆ ਸੀ। ਪਨਾਮਾ ਨਹਿਰ ‘ਤੇ ਕਬਜ਼ਾ ਵਾਪਸ ਲੈਣ ਦੀਆਂ ਟਰੰਪ ਦੀਆਂ ਧਮਕੀਆਂ ਕਾਰਨ ਰਾਜਨੀਤਿਕ ਦਬਾਅ ਦਾ ਸਾਹਮਣਾ ਕਰ ਰਹੇ ਪਨਾਮਾ ਦੇ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਪਿਛਲੇ ਵੀਰਵਾਰ ਨੂੰ ਦੇਸ਼ ਨਿਕਾਲਾ ਪ੍ਰਾਪਤ ਲੋਕਾਂ ਦੀ ਪਹਿਲੀ ਉਡਾਣ ਦੇ ਆਉਣ ਦਾ ਐਲਾਨ ਕੀਤਾ ਸੀ।