#AMERICA #PUNJAB

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਰੂਪਨਗਰ, 18 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਰੂਪਨਗਰ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਯੂ.ਐੱਸ.ਏ. ‘ਚ ਇਕ ਸੁਰੰਗ ਵਿਚ ਵਾਪਰੇ ਭਿਆਨਕ ਹਾਦਸੇ ਦੌਰਾਨ ਹਰਮਨਜੀਤ ਸਿੰਘ (30) ਪੁੱਤਰ ਤਜਿੰਦਰ ਸਿੰਘ ਸੈਣੀ ਦੀ ਮੌਤ ਹੋ ਗਈ।
ਇਹ ਹਾਦਸਾ ਉਦੋਂ ਵਾਪਰਿਆਂ, ਜਦੋਂ ਹਰਮਨਜੀਤ ਸਿੰਘ ਆਪਣਾ ਟਰਾਲਾ ਚਲਾ ਰਿਹਾ ਸੀ। ਜਦੋਂ ਉਹ ਸਾਲਟ ਲੇਕ ਸਿਟੀ ਦੇ ਨੇੜੇ ਪੁੱਜਾ ਅਤੇ ਗ੍ਰੀਨ ਰੀਵਰ ਸੁਰੰਗ ‘ਚ ਬਰਫ ਦਾ ਤੂਫਾਨ ਆਉਣ ਕਾਰਨ ਇਕ ਵਾਹਨ ਤਿਲਕ ਕੇ ਬੇਕਾਬੂ ਹੋ ਗਿਆ। ਇਸ ਤੋਂ ਬਾਅਦ ਪਿਛਲੇ ਵਾਹਨ ਆਪਸ ‘ਚ ਭਿੜਦੇ ਚਲੇ ਗਏ। ਹਰਮਨਜੀਤ ਦੇ ਟਰਾਲੇ ਤੋਂ ਅਗਲੇ ਟਰੱਕ ‘ਚ ਭਿਆਨਕ ਅੱਗ ਲੱਗਣ ਹੋਰ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਟਾਇਰ ਫਟਦੇ ਰਹੇ ਅਤੇ ਕੁਝ ਜਣੇ ਸੀਸੇ ਤੋੜ ਕੇ ਨਿਕਲ ਗਏ ਪਰ ਹਰਮਨਜੀਤ ਅਤੇ ਇਕ ਹੋਰ ਵਾਹਨ ਚਾਲਕ ਬਾਹਰ ਨਾ ਨਿਕਲ ਸਕੇ, ਜਿਸ ਕਾਰਨ ਹਰਮਨਜੀਤ ਸਿੰਘ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਹ ਖ਼ਬਰ ਸੁਣਦਿਆਂ ਹੀ ਰੂਪਨਗਰ ਸਮੇਤ ਪਿੰਡ ਖੇੜੀ ਸਲਾਬਤਪੁਰ ਅਤੇ ਇਲਾਕੇ ‘ਚ ਸੋਗ ਦੀ ਲਹਿਰ ਫ਼ੈਲ ਗਈ।