ਮਿਊਨਿਖ, 17 ਫਰਵਰੀ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮੰਤਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਯੂਕਰੇਨ ਦੇ ਦੁਰਲੱਭ ਖਣਿਜਾਂ ਤੱਕ ਅਮਰੀਕਾ ਦੀ ਪਹੁੰਚ ਯਕੀਨੀ ਬਣਾਉਣ ਸਬੰਧੀ ਤਜਵੀਜ਼ਤ ਸਮਝੌਤੇ ‘ਤੇ ਦਸਤਖ਼ਤ ਨਾ ਕਰਨ, ਕਿਉਂਕਿ ਇਹ ਪ੍ਰਸਤਾਵ ਅਮਰੀਕੀ ਹਿੱਤਾਂ ‘ਤੇ ਵਧੇਰੇ ਕੇਂਦਰਿਤ ਹੈ।
ਗੱਲਬਾਤ ਤੋਂ ਜਾਣੂ ਇਕ ਮੌਜੂਦਾ ਤੇ ਇਕ ਸਾਬਕਾ ਸੀਨੀਅਰ ਅਧਿਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਮਿਊਨਿਖ ਸੁਰੱਖਿਆ ਸੰਮੇਲਨ ਦੌਰਾਨ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਨਾਲ ਜ਼ੈਲੇਂਸਕੀ ਦੀ ਗੱਲਬਾਤ ਦੇ ਕੇਂਦਰ ਵਿਚ ਇਹੀ ਤਜਵੀਜ਼ ਸੀ। ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਸਮਝੌਤੇ ਨੂੰ ਨਾਮਨਜ਼ੂਰ ਕਰਨ ਦੇ ਜ਼ੈਲੇਂਸਕੀ ਦੇ ਫੈਸਲੇ ਨੂੰ ਹਾਲ ਦੀ ਘੜੀ ਘੱਟ ਦੂਰੀ ਦੀ ਸੋਚ ਵਾਲਾ ਕਰਾਰ ਦਿੱਤਾ। ਜ਼ੈਲੇਂਸਕੀ ਨੇ ਸ਼ਨਿਚਰਵਾਰ ਨੂੰ ਮਿਊਨਿਖ ਵਿਚ ਕਿਹਾ, ”ਮੈਂ ਮੰਤਰੀਆਂ ਨੂੰ ਸਬੰਧਤ ਸਮਝੌਤੇ ‘ਤੇ ਦਸਤਖ਼ਤ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿਉਂਕਿ ਮੇਰੇ ਵਿਚਾਰ ਵਿਚ ਇਹ ਸਾਡੀ, ਸਾਡੇ ਹਿੱਤਾਂ ਦੀ ਰੱਖਿਆ ਕਰਨ ਲਈ ਨਹੀਂ ਹੈ।” ਯੂਕਰੇਨ ਦੇ ਮੌਜੂਦਾ ਤੇ ਸਾਬਕਾ ਸੀਨੀਅਰ ਅਧਿਕਾਰੀਆਂ ਨੇ ਨਾਮ ਜਨਤਕ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਤਜਵੀਜ਼ ਵਿਚ ਇਸ ਗੱਲ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਕਿ ਅਮਰੀਕਾ ਬਾਇਡਨ ਪ੍ਰਸ਼ਾਸਨ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਮਦਦ ਬਦਲੇ ‘ਮੁਆਵਜ਼ੇ ਦੇ ਰੂਪ ਵਿਚ’ ਅਤੇ ਭਵਿੱਖ ਦੀ ਮਦਦ ਦੇ ਭੁਗਤਾਨ ਦੇ ਰੂਪ ਵਿਚ ਕੀਵ ਦੇ ਦੁਰਲੱਭ ਖਣਿਜਾਂ ਦਾ ਕਿਸੇ ਤਰ੍ਹਾਂ ਇਸਤੇਮਾਲ ਕਰ ਸਕਦਾ ਹੈ। ਯੂਕਰੇਨ ਵਿਚ ਮਹੱਤਵਪੂਰਨ ਖਣਿਜਾਂ ਦੇ ਵਿਸ਼ਾਲ ਭੰਡਾਰ ਹਨ, ਜਿਨ੍ਹਾਂ ਦਾ ਇਸਤੇਮਾਲ ਏਅਰੋਸਪੇਸ, ਰੱਖਿਆ ਤੇ ਪਰਮਾਣੂ ਉਦਯੋਗਾਂ ਵਿਚ ਕੀਤਾ ਜਾਂਦਾ ਹੈ। ਟਰੰਪ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਹੈ ਕਿ ਚੀਨ ‘ਤੇ ਨਿਰਭਰਤਾ ਘੱਟ ਕਰਨ ਲਈ ਯੂਕਰੇਨ ਦੇ ਖਣਿਜਾਂ ਵਿਚ ਉਸ ਦੀ ਰੁਚੀ ਹੈ। ਵ੍ਹਾਈਟ ਹਾਊਸ ਦੀ ਕੌਮੀ ਸੁਰੱਖਿਆ ਕੌਂਸਲ ਦੇ ਤਰਜਮਾਨ ਬਰਾਇਨ ਹਿਊਗਸ ਨੇ ਇਸ ਤਜਵੀਜ਼ ਬਾਰੇ ਕੁਝ ਨਹੀਂ ਦੱਸਿਆ।
ਅਮਰੀਕਾ ਨੂੰ ਯੂਕਰੇਨ ਦੇ ਦੁਰਲੱਭ ਖਣਿਜਾਂ ਤੱਕ ਪਹੁੰਚ ਦੇਣ ਤੋਂ ਜ਼ੈਲੇਂਸਕੀ ਦੀ ਨਾਂਹ
