ਸੰਯੁਕਤ ਰਾਸ਼ਟਰ, 17 ਫਰਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟ ਭਾਰਤ ‘ਚ ਵੱਡੇ ਪੱਧਰ ‘ਤੇ ਹਮਲੇ ਕਰਨ ‘ਚ ਨਾਕਾਮ ਰਹੀ ਪਰ ਇਸ ਦੇ ਆਕਿਆਂ ਨੇ ਦੇਸ਼ ‘ਚ ਆਪਣੇ ਹਮਾਇਤੀਆਂ ਰਾਹੀਂ ਭੜਕਾਊ ਗਤੀਵਿਧੀਆਂ ਜਾਰੀ ਰੱਖੀਆਂ ਹਨ। ਇਸਲਾਮਿਕ ਸਟੇਟ, ਅਲ-ਕਾਇਦਾ ਅਤੇ ਸਹਾਇਕ ਜਥੇਬੰਦੀਆਂ ‘ਤੇ ਪਾਬੰਦੀਆਂ ਲਾਉਣ ਵਾਲੀ ਨਿਗਰਾਨ ਟੀਮ ਦੀ 35ਵੀਂ ਰਿਪੋਰਟ ਮੁਤਾਬਕ ਦਹਿਸ਼ਤੀ ਗੁੱਟ ਅਤੇ ਉਸ ਨਾਲ ਸਬੰਧਤ ਜਥੇਬੰਦੀਆਂ ਅੱਤਵਾਦ ਵਿਰੋਧੀ ਦਬਾਅ ਹੇਠ ਰਹੀਆਂ। ਰਿਪੋਰਟ ‘ਚ ਕਿਹਾ ਗਿਆ ਕਿ ਇਸਲਾਮਿਕ ਸਟੇਟ ਪੱਖੀ ਅਲ-ਜੌਹਰ ਮੀਡੀਆ ਨੇ ਆਪਣੇ ਪ੍ਰਕਾਸ਼ਨ ਸੇਰਾਤ ਉਲ-ਹੱਕ ਰਾਹੀਂ ਭਾਰਤ ਵਿਰੋਧੀ ਪ੍ਰਚਾਰ ਫੈਲਾਉਣਾ ਜਾਰੀ ਰੱਖਿਆ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਅਫ਼ਗਾਨਿਸਤਾਨ ‘ਚ ਹਾਲਾਤ ਚਿੰਤਾਜਨਕ ਹਨ ਅਤੇ ਇਸਲਾਮਿਕ ਸਟੇਟ-ਕੇ (ਇਸਲਾਮਿਕ ਸਟੇਟ-ਖੁਰਾਸਾਨ ਪ੍ਰਾਂਤ) ਨਾ ਸਿਰਫ਼ ਮੁਲਕ ਸਗੋਂ ਖ਼ਿੱਤੇ ਲਈ ਖ਼ਤਰਾ ਬਣੀ ਹੋਈ ਹੈ। ਉਨ੍ਹਾਂ ਸਾਰੇ ਮੈਂਬਰ ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਅਫ਼ਗਾਨਿਸਤਾਨ ਨੂੰ ਦਹਿਸ਼ਤੀ ਕਾਰਵਾਈਆਂ ਦਾ ਮੁੜ ਤੋਂ ਕੇਂਦਰ ਬਣਨ ਤੋਂ ਰੋਕਣ ਲਈ ਇਕਜੁੱਟ ਹੋਣ।
ਇਸਲਾਮਿਕ ਸਟੇਟ ਭਾਰਤ ‘ਚ ਵੱਡੇ ਪੱਧਰ ‘ਤੇ ਹਮਲੇ ਕਰਨ ‘ਚ ਨਾਕਾਮ; ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਦਾਅਵਾ
