#PUNJAB

ਅਮਰੀਕਾ ਤੋਂ ਡਿਪੋਰਟ ਪਰਵਾਸੀਆਂ ਦਾ ਤੀਜਾ ਬੈਚ ਅੱਜ ਰਾਤ ਪਹੁੰਚੇਗਾ ਅੰਮ੍ਰਿਤਸਰ

ਅੰਮ੍ਰਿਤਸਰ, 16 ਫਰਵਰੀ (ਪੰਜਾਬ ਮੇਲ)-  ਅਮਰੀਕਾ ਤੋਂ 31 ਪੰਜਾਬੀਆਂ ਸਣੇ 112 ਡਿਪੋਰਟ ਭਾਰਤੀਆਂ ਨੂੰ ਲੈ ਕੇ ਤੀਜੀ ਵਿਸ਼ੇਸ਼ ਉਡਾਣ ਅੱਜ (ਐਤਵਾਰ) ਰਾਤ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰੇਗੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਉਡਾਣ ਰਾਤ ਨੂੰ ਲਗਪਗ 11.30 ਹਵਾਈ ਅੱਡੇ ’ਤੇ ਉੱਤਰਨ ਦੀ ਸੰਭਾਵਨਾ ਹੈ।

ਦੱਸਣਯੋਗ ਹੈ ਕਿ ਸ਼ਨਿਚਰਵਾਰ ਰਾਤ ਨੂੰ 117 ਗ਼ੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਅਮਰੀਕਾ ਦਾ ਫੌਜੀ ਜਹਾਜ਼ ਰਾਤ 11.32 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਸੀ। ਡਿਪੋਰਟ ਹੋਏ ਇਨ੍ਹਾਂ 117 ਜਣਿਆਂ ਵਿੱਚੋਂ ਪੰਜਾਬ ਦੇ 65 ਜਣੇ ਵੀ ਸ਼ਾਮਲ ਸਨ। ਦੱਸਣਯੋਗ ਕਿ 5 ਫਰਵਰੀ ਨੂੰ ਅਮਰੀਕਾ ਤੋਂਂ 104 ਵਿਅਕਤੀਆਂ ਨੂੰ ਵਾਪਸ ਭੇਜੇ ਜਾਣ ਮਗਰੋਂ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ।

ਅਧਿਕਾਰੀਆਂ ਮੁਤਾਬਕ ਐਤਵਾਰ ਨੂੰ ਅੰਮ੍ਰਿਤਸਰ ’ਚ ਉੱਤਰਨ ਵਾਲੇ ਡਿਪੋਰਟੀਆਂ ’ਚ ਪੰਜਾਬ ਦੇ 31, ਹਰਿਆਣਾ ਦੇ 44 ਤੇ ਗੁਜਰਾਤ ਦੇ 33, ਉੱਤਰ ਪ੍ਰਦੇਸ਼ ਦੇ ਦੋ ਜਦਕਿ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦਾ ਇੱਕ ਇੱਕ ਵਿਅਕਤੀ ਸ਼ਾਮਲ ਹੈ। ਇਨ੍ਹਾਂ ਲੋਕਾਂ ਨੂੰ ਵਾਪਸ ਭੇਜਣਾ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗ਼ੈਰ-ਕਾਨੂੰਨੀ ਤੌਰ ’ਤੇ ਦੇਸ਼ ਵਿੱਚ ਦਾਖਲ ਹੋਏ ਜਾਂ ਆਪਣੇ ਵੀਜ਼ਿਆਂ ਤੋਂ ਵੱਧ ਠਹਿਰਨ ਵਾਲੇ ਵਿਅਕਤੀਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦਾ ਹਿੱਸਾ ਹੈ।

ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਪਹਿਲਾ ਅਮਰੀਕੀ ਫੌਜੀ ਜਹਾਜ਼ ਪੰਜ ਫਰਵਰੀ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ ਸੀ।