ਸੈਂਟੀਆਗੋ/ਚਿੱਲੀ, 14 ਫਰਵਰੀ (ਪੰਜਾਬ ਮੇਲ)- ਦੱਖਣੀ ਅਮਰੀਕਾ ਦੇ ਸਭ ਤੋਂ ਤੇਜ਼ 10,000 ਕਿਲੋਮੀਟਰ ਦੀ ਯਾਤਰਾ ਦਾ ਵਿਸ਼ਵ ਰਿਕਾਰਡ ਤੋੜਨ ਦੀ ਕੋਸ਼ਿਸ਼ ‘ਚ ਵਾਹਨ ਦੀ ਲਪੇਟ ‘ਚ ਆਉਣ ਕਾਰਨ 36 ਸਾਲਾ ਭਾਰਤੀ ਸਾਈਕਲਿਸਟ ਦੀ ਮੌਤ ਹੋ ਗਈ। ਸਥਾਨਕ ਰੇਡੀਓ ਨੈੱਟਵਰਕ ‘ਰੇਡੀਓ ਪੌਲੀਨਾ’ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਮੋਹਿਤ ਕੋਹਲੀ ਨੂੰ ਬੁੱਧਵਾਰ ਸਵੇਰੇ ਲਗਭਗ 8.30 ਵਜੇ (ਸਥਾਨਕ ਸਮੇਂ ਅਨੁਸਾਰ) ਪੋਜ਼ੋ ਅਲਮੋਂਟੇ ਕਮਿਊਨ ‘ਚ ਰੂਟ ਨੰਬਰ 5 ‘ਤੇ ਇਕ ਮਿੰਨੀ ਬੱਸ ਨੇ ਕੁਚਲ ਦਿੱਤਾ। ਪੋਜ਼ੋ ਅਲਮੋਂਟੇ ਫਾਇਰ ਡਿਪਾਰਟਮੈਂਟ ਦੇ ਸੁਪਰਡੈਂਟ ਇਫ੍ਰੇਨ ਲਿਲੋ ਅਨੁਸਾਰ ਕੋਹਲੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਕੋਹਲੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਯਾਤਰਾ ਦੇ ਵੇਰਵੇ ਸਾਂਝੇ ਕਰ ਰਹੇ ਸਨ, ਜਿਸ ਅਨੁਸਾਰ, ਉਨ੍ਹਾਂ ਦਾ ਉਦੇਸ਼ ਕੋਲੰਬੀਆ ਦੇ ਕਾਰਟਾਗੇਨਾ ਤੋਂ ਅਰਜਨਟੀਨਾ ਦੇ ਉਸ਼ੁਆਇਆ ਤੱਕ ਸਭ ਤੋਂ ਤੇਜ਼ ਸਾਈਕਲਿੰਗ ਰਿਕਾਰਡ ਬਣਾਉਣਾ ਸੀ। ਇੱਕ ਸਥਾਨਕ ਨਿਊਜ਼ ਪੋਰਟਲ ਦੇ ਅਨੁਸਾਰ, ਸਾਈਕਲ ਸਵਾਰ ਨੇ 22 ਜਨਵਰੀ ਨੂੰ ਕਾਰਟਾਗੇਨਾ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਆਪਣੀ 10,000 ਕਿਲੋਮੀਟਰ ਦੀ ਯਾਤਰਾ ਦੌਰਾਨ, ਉਸਨੇ ਕੋਲੰਬੀਆ, ਪੇਰੂ, ਇਕਵਾਡੋਰ ਨੂੰ ਪਾਰ ਕੀਤਾ ਅਤੇ ਚਿਲੀ ਵਿਚੋਂ ਲੰਘ ਰਿਹਾ ਸੀ। ਗਿਨੀਜ਼ ਵਰਲਡ ਰਿਕਾਰਡ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਦੱਖਣੀ ਅਮਰੀਕਾ ਦੀ ਸਭ ਤੋਂ ਤੇਜ਼ ਯਾਤਰਾ ਦਾ ਰਿਕਾਰਡ ਆਸਟਰੀਆ ਦੇ ਮਾਈਕਲ ਸਟ੍ਰਾਸਰ ਦੁਆਰਾ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ 2018 ਵਿਚ ਇਹ ਦੂਰੀ ਪੂਰੀ ਕਰਨ ਲਈ 41 ਦਿਨ ਅਤੇ 41 ਮਿੰਟ ਲਏ ਸਨ।
ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ‘ਚ ਵਾਹਨ ਦੀ ਲਪੇਟ ‘ਚ ਆਉਣ ਕਾਰਨ ਭਾਰਤੀ ਸਾਈਕਲਿਸਟ ਦੀ ਮੌਤ
