-ਟਰੰਪ ਨੇ ਵਿਦੇਸ਼ੀ ਰਿਸ਼ਵਤਖੋਰੀ ਕਾਨੂੰਨ ਲਾਗੂ ਕਰਨ ‘ਤੇ ਰੋਕ ਲਾਈ
* ਅਮਰੀਕੀ ਨਿਆਂ ਵਿਭਾਗ ਨੂੰ ਸਮੀਖਿਆ ਕਰਨ ਦੇ ਦਿੱਤੇ ਨਿਰਦੇਸ਼
ਵਾਸ਼ਿੰਗਟਨ, 12 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਦੇਸ਼ੀ ਰਿਸ਼ਵਤਖੋਰੀ ਕਾਨੂੰਨ ਲਾਗੂ ਕਰਨ ‘ਤੇ ਰੋਕ ਲਾ ਦਿੱਤੀ ਜਿਸ ਨਾਲ ਅਡਾਨੀ ਗਰੁੱਪ ਨੂੰ ਰਾਹਤ ਮਿਲ ਸਕਦੀ ਹੈ। ਉਨ੍ਹਾਂ ਕਰੀਬ ਅੱਧੀ ਸਦੀ ਪੁਰਾਣੇ ਕਾਨੂੰਨ ‘ਤੇ ਰੋਕ ਲਗਾਉਣ ਸਬੰਧੀ ਹੁਕਮਾਂ ‘ਤੇ ਦਸਤਖ਼ਤ ਕਰਦਿਆਂ ਨਿਆਂ ਵਿਭਾਗ ਨੂੰ ਇਸ ਦੀ ਸਮੀਖਿਆ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਅਡਾਨੀ ਸਮੂਹ ਖ਼ਿਲਾਫ਼ ਰਿਸ਼ਵਤਖੋਰੀ ਦੀ ਜਾਂਚ ਇਸੇ ਕਾਨੂੰਨ ਤਹਿਤ ਸ਼ੁਰੂ ਕੀਤੀ ਗਈ ਸੀ। ਇਸ ਕਾਨੂੰਨ ‘ਤੇ ਟਰੰਪ ਦਾ ਰੋਕ ਲਾਉਣਾ ਅਤੇ ਸਮੀਖਿਆ ਦਾ ਆਦੇਸ਼ ਦੇਣਾ ਅਡਾਨੀ ਸਮੂਹ ਲਈ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਇਹ ਦੇਖਣਾ ਬਾਕੀ ਹੈ ਕਿ ਛੇ ਮਹੀਨਿਆਂ ਦੀ ਸਮੀਖਿਆ ਮਿਆਦ ਮਗਰੋਂ ਨਿਆਂ ਮੰਤਰਾਲਾ ਕੀ ਰੁਖ਼ ਅਪਣਾਉਂਦਾ ਹੈ।
ਟਰੰਪ ਨੇ 1977 ਦੇ ਵਿਦੇਸ਼ੀ ਭ੍ਰਿਸ਼ਟਾਚਾਰ ਨਾਲ ਸਬੰਧਤ ਕਾਨੂੰਨ (ਐੱਫ.ਸੀ.ਪੀ.ਏ.) ਨੂੰ ਲਾਗੂ ਕਰਨ ‘ਤੇ ਰੋਕ ਲਗਾਉਣ ਸਬੰਧੀ ਇੱਕ ਆਦੇਸ਼ ‘ਤੇ ਦਸਤਖ਼ਤ ਕੀਤੇ, ਜੋ ਅਮਰੀਕੀ ਕੰਪਨੀਆਂ ਅਤੇ ਵਿਦੇਸ਼ੀ ਕੰਪਨੀਆਂ ਨੂੰ ਵਪਾਰ ਕਰਨ ਲਈ ਵਿਦੇਸ਼ੀ ਸਰਕਾਰਾਂ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਤੋਂ ਰੋਕਦਾ ਹੈ। ਰਾਸ਼ਟਰਪਤੀ ਨੇ ਅਮਰੀਕੀ ਅਟਾਰਨੀ ਜਨਰਲ ਪਾਮੇਲਾ ਬੌਂਡੀ ਨੂੰ ਐੱਫ.ਸੀ.ਪੀ.ਏ. ਨੂੰ ਲਾਗੂ ਕਰਨ ਤੋਂ ਰੋਕਣ ਦਾ ਨਿਰਦੇਸ਼ ਦਿੱਤਾ, ਜਿਸ ਤਹਿਤ ਅਮਰੀਕੀ ਨਿਆਂ ਮੰਤਰਾਲਾ ਕੁੱਝ ਚਰਚਿਤ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਇਸ ਤਹਿਤ ਹੀ ਭਾਰਤੀ ਉਦਯੋਗਪਤੀ ਤੇ ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ। ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਅਗਵਾਈ ਵਾਲੀ ਸਰਕਾਰ ਦੇ ਅਧੀਨ ਮੰਤਰਾਲੇ ਨੇ ਪਿਛਲੇ ਸਾਲ ਅਡਾਨੀ ‘ਤੇ ਸੂਰਜੀ ਊਰਜਾ ਠੇਕਿਆਂ ਲਈ ਅਨਕੂਲ ਸ਼ਰਤਾਂ ਬਦਲੇ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀ ਰਿਸ਼ਵਤ ਦੇਣ ਦੀ ਯੋਜਨਾ ਦਾ ਕਥਿਤ ਤੌਰ ‘ਤੇ ਹਿੱਸਾ ਹੋਣ ਦਾ ਦੋਸ਼ ਲਾਇਆ ਸੀ। ਅਡਾਨੀ ਸਮੂਹ ਨੇ ਹਾਲਾਂਕਿ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਅਡਾਨੀ ਨੂੰ ਰਿਸ਼ਵਤਖੋਰੀ ਜਾਂਚ ਤੋਂ ਮਿਲੀ ਰਾਹਤ
