ਨਵੀਂ ਦਿੱਲੀ, 9 ਫਰਵਰੀ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਆਮ ਆਦਮੀ ਪਾਰਟੀ (ਆਪ) ਨੂੰ ਸੱਤਾ ਤੋਂ ਬਾਹਰ ਕਰਕੇ 27 ਸਾਲ ਬਾਅਦ ਧਮਾਕੇਦਾਰ ਵਾਪਸੀ ਕੀਤੀ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੰਤਰੀ ਸੌਰਭ ਭਾਰਦਵਾਜ ਸਮੇਤ ਹਾਕਮ ਧਿਰ ਦੇ ਕਈ ਹੋਰ ਵੱਡੇ ਆਗੂ ਚੋਣ ਹਾਰ ਗਏ ਹਨ। ਹਾਲਾਂਕਿ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਜਿੱਤ ਗਈ ਹੈ। ਚੋਣ ਕਮਿਸ਼ਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਭਾਜਪਾ ਦਿੱਲੀ ਦੀਆਂ 70 ’ਚੋਂ 48 ਸੀਟਾਂ ਜਿੱਤ ਗਈ ਹੈ ਜਦਕਿ ‘ਆਪ’ ਨੂੰ 22 ਸੀਟਾਂ ਪ੍ਰਾਪਤ ਹੋਈਆਂ ਹਨ। ਲਗਾਤਾਰ 15 ਸਾਲ ਸ਼ੀਲਾ ਦੀਕਸ਼ਿਤ ਦੀ ਅਗਵਾਈ ਹੇਠ ਦਿੱਲੀ ਸਰਕਾਰ ਚਲਾਉਣ ਵਾਲੀ ਕਾਂਗਰਸ ਨੂੰ ਲਗਾਤਾਰ ਤੀਜੀ ਵਾਰ ਕੋਈ ਵੀ ਸੀਟ ਨਹੀਂ ਮਿਲੀ ਪਰ ਕਾਂਗਰਸੀ ਉਮੀਦਵਾਰਾਂ ਨੇ ਪਾਰਟੀ ਦਾ ਵੋਟ ਫ਼ੀਸਦੀ ਵਧਾ ਕੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਨੂੰ ਖੋਰਾ ਲਾਇਆ ਹੈ। ਹੁਣ ਤੱਕ ਕੇ ਅੰਕੜਿਆਂ ਅਨੁਸਾਰ ਭਾਜਪਾ ਨੂੰ 45.91 ਫੀਸਦ ਜਦਕਿ ‘ਆਪ’ ਨੂੰ 43.56 ਫੀਸਦ ਵੋਟਾਂ ਮਿਲੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ‘ਵੱਡਾ ਲੋਕ ਫਤਵਾ’ ਦੱਸਿਆ ਤੇ ਕਿਹਾ ਕਿ ਰਾਜਧਾਨੀ ਦੇ ਚਹੁੰਪੱਖੀ ਵਿਕਾਸ ਤੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ’ਚ ਕੋਈ ਕਸਰ ਨਹੀਂ ਛੱਡਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੋਣ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਝੂਠ, ਧੋਖੇ ਤੇ ਭ੍ਰਿਸ਼ਟਾਚਾਰ ਦੇ ‘ਸ਼ੀਸ਼ ਮਹਿਲ’ ਨੂੰ ਤਬਾਹ ਕਰਕੇ ਦਿੱਲੀ ਨੂੰ ‘ਆਪ-ਦਾ’ ਮੁਕਤ ਕਰ ਦਿੱਤਾ ਹੈ। ਚੋਣ ਕਮਿਸ਼ਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਰਵਿੰਦ ਕੇਜਰੀਵਾਲ ਨੂੰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ 4,089 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਭਾਜਪਾ ਦੇ ਪਰਵੇਸ਼ ਵਰਮਾ ਨੇ ਹਰਾਇਆ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਭਾਜਪਾ ਦੇ ਤਲਵਿੰਦਰ ਸਿੰਘ ਮਰਵਾਹ ਨੇ 675 ਵੋਟਾਂ ਦੇ ਫਰਕ ਨਾਲ ਹਰਾਇਆ। ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਵਰਮਾ ਨੇ ਇਸ ਜਿੱਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਲੋਕਾਂ ਦੀ ਜਿੱਤ ਕਰਾਰ ਦਿੱਤਾ। ‘ਆਪ’ ਦੇ ਇੱਕ ਹੋਰ ਵੱਡੇ ਆਗੂ ਸੌਰਭ ਭਾਰਦਵਾਜ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਗਰੇਟਰ ਕੈਲਾਸ਼ ਤੋਂ ਭਾਜਪਾ ਦੀ ਸ਼ਿਖਾ ਰਾਏ ਨੇ 3,188 ਵੋਟਾਂ ਨਾਲ ਮਾਤ ਦਿੱਤੀ। ਹਾਲਾਂਕਿ ‘ਆਪ’ ਆਗੂ ਗੋਪਾਲ ਰਾਏ, ਮੁਕੇਸ਼ ਅਹਿਲਾਵਤ ਤੇ ਇਮਰਾਨ ਹੁਸੈਨ ਆਪਣੀਆਂ ਸੀਟਾਂ ਬਚਾਉਣ ਵਿੱਚ ਕਾਮਯਾਬ ਰਹੇ। ਹੁਸੈਨ ਨੇ ਬੱਲੀਮਾਰਾਨ ਤੋਂ 29,823, ਰਾਏ ਨੇ ਬਾਬਰਪੁਰ ਤੋਂ 18,994 ਅਤੇ ਅਹਿਲਾਵਤ ਨੇ ਸੁਲਤਾਨਪੁਰ ਮਾਜਰਾ ਤੋਂ 17,126 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਭਾਜਪਾ ਦੇ ਰਮੇਸ਼ ਬਿਧੂੜੀ ਨੂੰ ਹਰਾਇਆ। ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਭਾਜਪਾ ਦੇ ਕਰਨੈਲ ਸਿੰਘ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਸਾਬਕਾ ਮੰਤਰੀ ਸੋਮਨਾਥ ਭਾਰਤੀ ਮਾਲਵੀਆ ਨਗਰ ਸੀਟ ਬਰਕਰਾਰ ਰੱਖਣ ’ਚ ਨਾਕਾਮ ਰਹੇ। ਭਾਜਪਾ ਵੱਲੋਂ ਜਿੱਤਣ ਵਾਲੇ ਉਮੀਦਵਾਰਾਂ ’ਚ ਮੋਹਨ ਸਿੰਘ ਬਿਸ਼ਟ, ਕਪਿਲ ਮਿਸ਼ਰਾ, ਰੇਖਾ ਗੁਪਤਾ, ਮਨਜਿੰਦਰ ਸਿੰਘ ਸਿਰਸਾ, ਤਿਲਕ ਰਾਮ ਗੁਪਤਾ, ਉਮੰਗ ਬਜਾਜ ਤੇ ਚੰਦਨ ਸਿੰਘ ਚੌਧਰੀ ਸ਼ਾਮਲ ਹਨ ਜਦਕਿ ‘ਆਪ’ ਵੱਲੋਂ ਵੀਰੇਂਦਰ ਸਿੰਘ ਕਾਦੀਆਂ, ਕੁਲਦੀਪ ਕੁਮਾਰ, ਸਾਹੀ ਰਾਮ, ਜਰਨੈਲ ਸਿੰਘ ਨੇ ਜਿੱਤ ਦਰਜ ਕੀਤੀ ਹੈ।ਜ਼ਿਕਰਯੋਗ ਹੈ ਕਿ 1993-1998 ’ਚ ਦਿੱਲੀ ਵਿੱਚ ਭਾਜਪਾ ਨੇ ਸਰਕਾਰ ਬਣਾਈ ਸੀ। ਉਸ ਚੋਣ ਵਿੱਚ ਭਾਜਪਾ ਨੇ 49 ਸੀਟਾਂ ਜਿੱਤੀਆਂ ਸਨ। ਇਸ ਤੋਂ ਬਾਅਦ 2020 ਤੱਕ ਹੋਈਆਂ ਸਾਰੀਆਂ ਚੋਣਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ 2015 ’ਚ ਸਿਰਫ਼ ਤਿੰਨ ਸੀਟਾਂ ’ਤੇ ਸਿਮਟ ਗਈ ਸੀ ਜਦਕਿ 2020 ਦੀਆਂ ਚੋਣਾਂ ’ਚ ਉਸ ਦੀਆਂ ਸੀਟਾਂ ਦੀ ਗਿਣਤੀ ਵੱਧ ਕੇ ਅੱਠ ਹੋ ਗਈ ਸੀ।
27 ਸਾਲ ਬਾਅਦ ਦਿੱਲੀ ’ਚ ਖਿੜਿਆ ਕਮਲ
