-ਦਿਮਾਗ ‘ਚ ਸੋਜ ਤੇ ਕੋਮਾ ਦਾ ਬਣ ਸਕਦੈ ਕਾਰਨ
ਵਾਸ਼ਿੰਗਟਨ, 8 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਇਕ ਨਵੇਂ ਵਾਇਰਸ ‘ਕੈਂਪ ਹਿੱਲ’ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਇਹ ਵਾਇਰਸ ਹੈਨੀਪਾਵਾਇਰਸ ਪਰਿਵਾਰ ਨਾਲ ਸਬੰਧਤ ਹੋ ਸਕਦਾ ਹੈ ਅਤੇ ਇਹ ਵਾਇਰਸ ਚੂਹਿਆਂ ਤੋਂ ਮਨੁੱਖਾਂ ‘ਚ ਫੈਲ ਸਕਦਾ ਹੈ। ਹੈਨੀਪਾਵਾਇਰਸ ‘ਚ ਬਹੁਤ ਘਾਤਕ ਨਿਪਾਹ ਵਾਇਰਸ ਸ਼ਾਮਲ ਹੈ, ਜਿਸਨੇ ਦੱਖਣ-ਪੂਰਬੀ ਏਸ਼ੀਆ ‘ਚ ਕਹਿਰ ਵ੍ਹਰਾਇਆ ਹੈ, ਜਦੋਂ ਕਿ ‘ਕੈਂਪ ਹਿੱਲ ਵਾਇਰਸ’ ਮਨੁੱਖਾਂ ‘ਚ ਕਦੇ ਦਰਜ ਨਹੀਂ ਕੀਤਾ ਗਿਆ ਹੈ। ਇਕ ਨਵੇਂ ਭੂਗੋਲਿਕ ਖੇਤਰ ‘ਚ ਇਸ ਵਾਇਰਸ ਦੀ ਮੌਜੂਦਗੀ ਨੇ ਖੋਜਕਰਤਾਵਾਂ ਲਈ ਇਕ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਹ ਸਾਹ ਲੈਣ ‘ਚ ਤਕਲੀਫ਼, ਦਿਮਾਗ ‘ਚ ਸੋਜ, ਦੌਰੇ ਅਤੇ ਕੋਮਾ ਦਾ ਕਾਰਨ ਬਣ ਸਕਦਾ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੈਂਪ ਹਿੱਲ ਵਾਇਰਸ ਲੈਂਗਿਆ ਵਾਇਰਸ ਨਾਲ ਸਬੰਧਤ ਹੈ, ਜੋ ਚੀਨ ‘ਚ ਚੂਹਿਆਂ ਤੋਂ ਲੋਕਾਂ ‘ਚ ਫੈਲਿਆ ਹੈ। ਇਸ ਨਾਲ ਬੁਖਾਰ ਅਤੇ ਥਕਾਵਟ ਵਰਗੇ ਲੱਛਣ ਪੈਦਾ ਹੋਏ। ਨਿਪਾਹ ਅਤੇ ਹੇਂਡਰਾ ਸਮੇਤ ਹੋਰ ਹੈਨੀਪਾਵਾਇਰਸ ਦੀ ਮੌਤ ਦਰ 70 ਫੀਸਦੀ ਤੱਕ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਅਨੁਸਾਰ ਲੈਂਗਿਆ ਵਾਇਰਸ ਚੀਨ ‘ਚ ਖੋਜਕਰਤਾਵਾਂ ਨੇ ਇਕ ਨਵੇਂ ਜ਼ੂਨੋਟਿਕ ਹੈਨੀਪਾਵਾਇਰਸ ਦੀ ਪਛਾਣ ਕੀਤੀ ਸੀ, ਜੋ ਇਕ ਬੁਖਾਰ ਤੋਂ ਪੀੜਤ ਬੀਮਾਰੀ ਨਾਲ ਜੁੜਿਆ ਹੈ। ਅਪ੍ਰੈਲ 2018 ਤੋਂ ਅਗਸਤ 2021 ਤੱਕ ਕੀਤੇ ਗਏ ਸਰਵੇਖਣ ਅਨੁਸਾਰ ਕੁਝ ਮਰੀਜ਼ਾਂ ਅਤੇ ਇਕ ਪਸ਼ੂਆਂ ਦੀ ਆਬਾਦੀ ‘ਚ ਲੈਂਗਿਆ ਵਾਇਰਸ ਪਾਇਆ ਗਿਆ ਹੈ।
ਖੋਜ ਪੱਤਰ ‘ਚ ਖੋਜਕਰਤਾਵਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕਾ ‘ਚ ਹੈਨੀਪਾਵਾਇਰਸ ਦੀ ਖੋਜ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਪਤਾ ਲੱਗੇਗਾ ਕਿ ਇਹ ਵਾਇਰਸ ਪਹਿਲਾਂ ਦੇ ਮੁਕਾਬਲੇ ਕੌਮਾਂਤਰੀ ਪੱਧਰ ‘ਤੇ ਜ਼ਿਆਦਾ ਫੈਲ ਸਕਦਾ ਹੈ।
ਖੋਜਕਰਤਾਵਾਂ ਦੀ ਇਕ ਤਾਜ਼ਾ ਰਿਪੋਰਟ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਹੈਨੀਪਾਵਾਇਰਸ ਨਾਲ ਜੁੜੀਆਂ ਉੱਚ ਮੌਤ ਦਰਾਂ ਨੂੰ ਦੇਖਦੇ ਹੋਏ ਕੈਂਪ ਹਿੱਲ ਵਾਇਰਸ ਦਾ ਪਤਾ ਲਾਉਣਾ ਅਤੀਤ ਅਤੇ ਸੰਭਾਵਿਤ ਭਵਿੱਖ ਦੀਆਂ ਘਟਨਾਵਾਂ ਬਾਰੇ ਚਿੰਤਾਵਾਂ ਵਧਾਉਂਦਾ ਹੈ। ਹਾਲਾਂਕਿ ਵਿਗਿਆਨੀ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਇਹ ਨਿਰਧਾਰਤ ਕਰਨ ਲਈ ਹੋਰ ਖੋਜ ਦੀ ਲੋੜ ਹੈ ਕਿ ਕੀ ਇਹ ਵਾਇਰਸ ਮਨੁੱਖਾਂ ਲਈ ਸਿੱਧਾ ਖ਼ਤਰਾ ਹੈ।
ਡਬਲਯੂ.ਐੱਚ.ਓ. ਹੈਨੀਪਾਵਾਇਰਸ ਨੂੰ ਪ੍ਰਮੁੱਖ ਤਰਜੀਹੀ ਰੋਗਾਣੂ ਅਤੇ ਕੌਮਾਂਤਰੀ ਜਨਤਕ ਸਿਹਤ ਲਈ ਵੱਡਾ ਖ਼ਤਰਾ ਮੰਨਦਾ ਹੈ। ਹੈਨੀਪਾਵਾਇਰਸ ਵਾਇਰਸਾਂ ਦਾ ਇਕ ਸਮੂਹ ਹੈ, ਜੋ ਮਨੁੱਖਾਂ ਅਤੇ ਜਾਨਵਰਾਂ ‘ਚ ਗੰਭੀਰ ਸਾਹ ਅਤੇ ਤੰਤੂ ਸਬੰਧੀ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਹੈਨੀਪਾਵਾਇਰਸ ਲਈ ਕੋਈ ਇਲਾਜ ਜਾਂ ਟੀਕਾ ਨਹੀਂ ਹੈ। ਪਹਿਲਾਂ ਮੰਨਿਆ ਜਾਂਦਾ ਸੀ ਕਿ ਕੈਂਪ ਹਿੱਲ ਵਾਇਰਸ ਬਾਰੇ ਇਹ ਸਿਰਫ਼ ਆਸਟ੍ਰੇਲੀਆਈ ਫਲ ਖਾਣ ਵਾਲੇ ਚਮਗਿੱਦੜਾਂ ਤੋਂ ਹੀ ਫੈਲਦਾ ਹੈ ਪਰ ਉੱਤਰੀ ਅਮਰੀਕੀ ਚੂਹਿਆਂ ‘ਚ ਇਸਦਾ ਦਿਸਣਾ ਦੱਸਦਾ ਹੈ ਕਿ ਵਾਇਰਸ ਪਹਿਲਾਂ ਦੇ ਮੁਕਾਬਲੇ ਵੱਡੇ ਪੱਧਰ ‘ਤੇ ਫੈਲ ਸਕਦਾ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਮਨੁੱਖ ‘ਚ ਇਸ ਦੇ ਕੇਸ ਜਾਣਕਾਰੀ ਮਹੀਂ ਮਿਲੀ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਵਾਇਰਸ ਅਤੇ ਇਸਦੇ ਕਾਰਨ ਹਾਣ ਵਾਲੇ ਖਤਰਿਆਂ ਨੂੰ ਸਮਝਣਾ ਭਵਿੱਖ ‘ਚ ਕਹਿਰ ਨੂੰ ਰੋਕਣਾ ਬਹੁਤ ਜ਼ਰੂਰੀ ਹੈ।
ਅਮਰੀਕਾ ‘ਚ ਨਵੇਂ ਵਾਇਰਸ ‘ਕੈਂਪ ਹਿੱਲ’ ਨੇ ਵਧਾਈ ਚਿੰਤਾ
