#Cricket #SPORTS

ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ

-ਭਾਰਤ ਵੱਲੋਂ ਹਰਫ਼ਨਮੌਲਾ ਪ੍ਰਦਰਸ਼ਨ; ਹਰਸ਼ਿਤ ਰਾਣਾ ਤੇ ਜਡੇਜਾ ਵੱਲੋਂ ਸ਼ਾਨਦਾਰ ਗੇਂਦਬਾਜ਼ੀ
-ਗਿੱਲ ਤੇ ਪਟੇਲ ਨੇ ਜੜੇ ਨੀਮ ਸੈਂਕੜੇ, ਜੇਤੂ ਟੀਚਾ 38.4 ਓਵਰਾਂ ‘ਚ ਪੂਰਾ ਕੀਤਾ
ਨਾਗਪੁਰ, 6 ਫਰਵਰੀ (ਪੰਜਾਬ ਮੇਲ)- ਆਪਣਾ ਪਲੇਠਾ ਮੁਕਾਬਲਾ ਖੇਡ ਰਹੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਤੇ ਰਵਿੰਦਰ ਜਡੇਜ਼ਾ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਬੱਲੇਬਾਜ਼ੀ ਵਿਚ ਸ਼ੁਭਮਨ ਗਿੱਲ ਤੇ ਅਕਸ਼ਰ ਪਟੇਲ ਦੀ ਸੈਂਕੜੇ ਵਾਲੇ ਭਾਈਵਾਲੀ ਦੀ ਬਦੌਲਤ ਭਾਰਤ ਨੇ ਵੀਰਵਾਰ ਨੂੰ ਇਥੇ ਪਹਿਲੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 1-0 ਨਾਲ ਲੀਡ ਲੈ ਲਈ ਹੈ।
ਇੰਗਲੈਂਡ ਵੱਲੋਂ ਦਿੱਤੇ 249 ਦੌਡਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗਿੱਲ (87) ਤੇ ਅਕਸ਼ਰ (52) ਨੇ ਚੌਥੇ ਵਿਕਟ ਲਈ 108 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਨੇ 38.4 ਓਵਰਾਂ ਵਿਚ ਛੇ ਵਿਕਟਾਂ ‘ਤੇ 251 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਭਾਰਤੀ ਟੀਮ ਇਕ ਵੇਲੇ 19 ਦੌੜਾਂ ‘ਤੇ 2 ਵਿਕਟਾਂ ਡਿੱਗਣ ਕਰਕੇ ਮੁਸ਼ਕਲ ਸਥਿਤੀ ਵਿਚ ਸੀ, ਪਰ ਫਿਰ ਗਿੱਲ ਨੇ ਸ਼੍ਰੇਅਸ ਅੱਈਅਰ (59) ਨਾਲ ਤੀਜੇ ਵਿਕਟ ਲਈ 94 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਨੂੰ ਸੰਕਟ ਵਿਚੋਂ ਬਾਹਰ ਕੱਢਿਆ।
ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਜਡੇਜਾ (26 ਦੌੜਾਂ ‘ਤੇ ਤਿੰਨ ਵਿਕਟ) ਤੇ ਰਾਣਾ (53 ਦੌੜਾਂ ‘ਤੇ ਤਿੰਨ ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ 47.4 ਓਵਰਾਂ ਵਿਚ 248 ਦੌੜਾਂ ‘ਤੇ ਸਿਮਟ ਗਈ। ਮਹਿਮਾਨ ਟੀਮ ਲਈ ਕਪਤਾਨ ਜੋਸ ਬਟਲਰ (52) ਤੇ ਜੈਕਬ ਬੈਥਲ (51) ਨੇ ਨੀਮ ਸੈਂਕੜੇ ਜੜੇ ਜਦੋਂਕਿ ਸਲਾਮੀ ਬੱਲੇਬਾਜ਼ ਫਿਲ ਸਾਲਟ (43) ਨੇ ਕਾਰਗਰ ਪਾਰੀ ਖੇਡੀ। ਟੀਮ ਨੇ ਨਿਯਮਤ ਵਕਫ਼ੇ ਉੱਤੇ ਵਿਕਟ ਗੁਆਏ ਤੇ ਮਹਿਮਾਨ ਟੀਮ ਵੱਡਾ ਸਕੋਰ ਖੜ੍ਹਾ ਕਰਨ ਵਿਚ ਨਾਕਾਮ ਰਹੀ।