#AMERICA

ਪੁਲਿਸ ਅਧਿਕਾਰੀ ਡੇਰੇਕ ਚੌਵਿਨ ਦੀ ਧੱਕੇਸ਼ਾਹੀ ਦਾ ਸ਼ਿਕਾਰ ਔਰਤ ਨੂੰ ਮਿਲਣਗੇ 6 ਲੱਖ ਡਾਲਰ

ਵਾਸ਼ਿੰਗਟਨ, 6 ਫਰਵਰੀ (ਪੰਜਾਬ ਮੇਲ)- ਮਿਨੀਐਪਲਿਸ ਸਿਟੀ ਕੌਂਸਲ ਇਕ ਪਟੀਸ਼ਨ ਦੇ ਨਿਪਟਾਰੇ ਲਈ ਉਸ ਔਰਤ ਨੂੰ 6 ਲੱਖ ਡਾਲਰ ਦੇਣ ਲਈ ਸਹਿਮਤ ਹੋਈ ਹੈ, ਜਿਸ ਔਰਤ ਨੇ ਦਾਇਰ ਪਟੀਸ਼ਨ ‘ਚ ਦੋਸ਼ ਲਾਇਆ ਸੀ ਕਿ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੇ ਉਸ ਨੂੰ ਮਿੰਨੀ ਵੈਨ ਵਿਚੋਂ ਧੂਹ ਕੇ ਬਾਹਰ ਕੱਢਿਆ ਅਤੇ ਜ਼ਮੀਨ ‘ਤੇ ਲੰਮਾ ਪਾ ਕੇ ਉਸ ਦੀ ਧੌਣ ‘ਤੇ ਗੋਡਾ ਰੱਖ ਦਿੱਤਾ ਸੀ। ਇਹ ਘਟਨਾ ਜਨਵਰੀ 2020 ਦੀ ਹੈ। ਇਹ ਉਹੀ ਪੁਲਿਸ ਅਧਿਕਾਰੀ ਹੈ, ਜਿਸ ਨੇ ਇਸ ਘਟਨਾ ਤੋਂ 4 ਮਹੀਨੇ ਬਾਅਦ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਧੌਣ ‘ਤੇ ਗੋਢੇ ਨਾਲ ਏਨਾ ਦਬਾਅ ਪਾਇਆ ਸੀ ਕਿ ਸਾਹ ਬੰਦ ਹੋਣ ਕਾਰਨ ਉਸ ਦੀ ਮੌਤ ਹੋ ਗਈ ਸੀ। ਲੋਕ ਨਿਰਮਾਣ ਵਿਭਾਗ ਵਿਚ ਨੌਕਰੀ ਕਰਦੀ ਪੈਟੀ ਡੇਅ ਨਾਂ ਦੀ ਔਰਤ ਨੇ ਪਿਛਲੇ ਸਾਲ ਮਈ ‘ਚ ਪਟੀਸ਼ਨ ਦਾਇਰ ਕੀਤੀ ਸੀ। ਜ਼ਿਕਰਯੋਗ ਹੈ ਕਿ ਸਿਟੀ ਕੌਂਸਲ ਚੌਵਿਨ ਦੀ ਸ਼ਮੂਲੀਅਤ ਵਾਲੇ ਪੁਲਿਸ ਧੱਕੇਸ਼ਾਹੀ ਦੇ ਮਾਮਲਿਆਂ ‘ਚ 3.6 ਕਰੋੜ ਡਾਲਰ ਮੁਆਵਜ਼ੇ ਵਜੋਂ ਦੇ ਚੁੱਕੀ ਹੈ। ਇਨ੍ਹਾਂ ਵਿਚ ਜਾਰਜ ਫਲਾਇਡ ਦੇ ਪਰਿਵਾਰ ਨੂੰ ਕੀਤੀ 2.7 ਕਰੋੜ ਡਾਲਰ ਦੀ ਅਦਾਇਗੀ ਵੀ ਸ਼ਾਮਲ ਹੈ।