ਵਾਸ਼ਿੰਗਟਨ, 1 ਫਰਵਰੀ (ਪੰਜਾਬ ਮੇਲ)- ਅਮਰੀਕੀ ਕਾਨੂੰਨਸਾਜ਼ਾਂ ਨੂੰ ਮਾਹਿਰ ਨੇ ਦੱਸਿਆ ਕਿ 2023 ‘ਚ ਭਾਰਤ ਦੇ 7000 ਤੋਂ ਵੱਧ ਵਿਦਿਆਰਥੀ ਅਤੇ ਸੈਲਾਨੀ ਅਮਰੀਕਾ ‘ਚ ਤੈਅ ਮਿਆਦ ਤੋਂ ਵੱਧ ਸਮੇਂ ਤੱਕ ਠਹਿਰੇ ਸਨ। ਉਨ੍ਹਾਂ ਨੇ ਇੰਮੀਗ੍ਰੇਸ਼ਨ ਨੀਤੀਆਂ ‘ਚ ਕਈ ਸੁਧਾਰਾਂ ਦਾ ਸੁਝਾਅ ਵੀ ਦਿੱਤਾ, ਜਿਨ੍ਹਾਂ ਵਿਚ ਐੱਚ-1ਬੀ ਵੀਜ਼ੇ ਨਾਲ ਸਬੰਧਤ ਸੁਧਾਰ ਵੀ ਸ਼ਾਮਲ ਹਨ। ਸੈਂਟਰ ਫਾਰ ਇੰਮੀਗ੍ਰੇਸ਼ਨ ਸਟੱਡੀਜ਼ ਦੀ ਜੈਸਿਕਾ ਐੱਮ. ਵਾਨ ਨੇ ‘ਅਮਰੀਕਾ ‘ਚ ਇੰਮੀਗ੍ਰੇਸ਼ਨ ਐਨਫੋਰਸਮੈਂਟ ਬਹਾਲੀ’ ਬਾਰੇ ਸੁਣਵਾਈ ਦੌਰਾਨ ਅਮਰੀਕੀ ਸੰਸਦ ਮੈਂਬਰਾਂ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਨਿਆਂਪਾਲਿਕਾ ਸਬੰਧੀ ਕਮੇਟੀ ਨੂੰ ਦੱਸਿਆ ਕਿ ਘੱਟੋ-ਘੱਟ 32 ਦੇਸ਼ਾਂ ‘ਚ ਵਿਦਿਆਰਥੀ/ਐਕਸਚੇਂਜ ਵਿਜ਼ਟਰ ਦੀ ਓਵਰਸਟੇਅ (ਸਮੇਂ ਤੋਂ ਵੱਧ ਠਹਿਰਨ ਦੀ) ਦਰ 20 ਫ਼ੀਸਦੀ ਤੋਂ ਵੱਧ ਹੈ।