#CANADA

ਕੈਨੇਡਾ ਦੇ ਬਰੈਂਪਟਨ ਵਿਚ 6 ਪੰਜਾਬੀ ਨੌਜਵਾਨ ਗ੍ਰਿਫਤਾਰ

ਬਰੈਂਪਟਨ, 31 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਬਰੈਂਪਟਨ ਵਿਚ ਵੱਡੇ ਪੱਧਰ ‘ਤੇ ਮੱਖਣ ਅਤੇ ਘਿਓ ਚੋਰੀਆਂ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ (ਸੀ.ਆਈ.ਬੀ.) ਦੇ ਜਾਂਚਕਰਤਾਵਾਂ ਨੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੀਲ ਰੀਜਨਲ ਪੁਲਿਸ ਨੇ ਇਹ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿਚ ਕਰਿਆਨੇ ਦੀਆਂ ਦੁਕਾਨਾਂ ‘ਤੇ ਮੱਖਣ ਚੋਰੀ ਦੀਆਂ ਰਿਪੋਰਟਾਂ ਵਿਚ ਕਾਫੀ ਵਾਧਾ ਹੋਇਆ ਹੈ, ਜਿਸ ਨਾਲ 60,000 ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣ ਹੈ ਕਿ ਕਥਿਤ ਚੋਰੀਆਂ ਨੂੰ ਰੋਕਣ ਲਈ ”ਪ੍ਰੋਜੈਕਟ ਫਲੈਹਰਟੀ” ਨਾਮਕ ਇੱਕ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਨਤੀਜੇ ਵਜੋਂ ਪੀਲ ਖੇਤਰੀ ਪੁਲਿਸ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬ ਹੋਈ।
ਪੁਲਿਸ ਦਾ ਕਹਿਣਾ ਹੈ ਕਿ ਮੱਖਣ ਚੋਰੀ ਵਿਚ ਹਾਲ ਹੀ ਵਿਚ ਵਾਧਾ 2023 ਦੇ ਮੁਕਾਬਲੇ 135 ਫੀਸਦੀ ਦਾ ਵਾਧਾ ਦਰਸਾਉਂਦਾ ਹੈ ਅਤੇ ਫੋਰਸ ਨੂੰ 180 ਤੋਂ ਵੱਧ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਰਿਪੋਰਟ ਕੀਤੀ ਗਈ ਹੈ। ਇੱਥੇ ਦੱਸ ਦੇਈਏ ਕਿ ਦਸੰਬਰ 2024 ਵਿਚ ਪੀਲ ਖੇਤਰ ਦੇ ਅੰਦਰ ਕਰਿਆਨੇ ਦੀਆਂ ਦੁਕਾਨਾਂ ਤੋਂ ਮੱਖਣ ਅਤੇ ਘਿਓ ਦੀ ਚੋਰੀ ਵਿਚ ਮਹੱਤਵਪੂਰਨ ਵਾਧੇ ਮਗਰੋਂ ਇਹ ਜਾਂਚ ਸ਼ੁਰੂ ਕੀਤੀ ਗਈ ਸੀ। ਪੀਲ ਪੁਲਿਸ ਵੱਲੋਂ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਪੰਜਾਬੀਆਂ ਦੀ ਪਛਾਣ ਸੁਖਮੰਦਰ ਸਿੰਘ (23), ਦਲਵਾਲ ਸਿੱਧੂ (28), ਨਵਦੀਪ ਚੌਧਰੀ (22), ਕਮਲਦੀਪ ਸਿੰਘ (38), ਵਿਸ਼ਵਜੀਤ ਸਿੰਘ (22) ਅਤੇ ਹਰਕੀਰਤ ਸਿੰਘ (25) ਵਜੋਂ ਹੋਈ ਹੈ। ਇਨ੍ਹਾਂ ‘ਚੋਂ ਪਹਿਲੇ ਤਿੰਨ ਬਰੈਂਪਟਨ ਦੇ ਰਹਿਣ ਵਾਲੇ ਹਨ। ਇਨ੍ਹਾਂ 6 ਨੌਜਵਾਨਾਂ ਨੂੰ ਬਾਅਦ ਵਿੱਚ ਬਰੈਂਪਟਨ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਜਾਵੇਗਾ।