#AMERICA

ਰੀਗਨ ਏਅਰਪੋਰਟ ਨੇੜੇ ਛੋਟਾ ਜਹਾਜ਼ ਹਾਦਸਾਗ੍ਰਸਤ

ਸਾਰੇ ਯਾਤਰੀਆਂ ਦੀ ਮੌਤ ਦਾ ਖਦਸ਼ਾ, ਹੁਣ ਤੱਕ 30 ਲਾਸ਼ਾਂ ਬਰਾਮਦ
ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)- ਵਾਸ਼ਿੰਗਟਨ ਡੀ.ਸੀ. ਦੇ ਬਾਹਰ ਸਥਿਤ ਰੀਗਨ ਨੈਸ਼ਨਲ ਏਅਰਪੋਰਟ ਨੇੜੇ ਪੋਟੋਮੈਕ ਨਦੀ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਮਗਰੋਂ ਰੀਗਨ ਏਅਰਪੋਰਟ ਨੂੰ ”ਐਮਰਜੈਂਸੀ ਸਥਿਤੀ” ਕਾਰਨ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ। ਅਮਰੀਕੀ ਈਗਲ ਫਲਾਈਟ 5342, ਜੋ ਬੁੱਧਵਾਰ ਰਾਤ ਨੂੰ ਵਾਸ਼ਿੰਗਟਨ ਡੀ.ਸੀ. ਦੇ ਰੀਗਨ ਨੈਸ਼ਨਲ ਏਅਰਪੋਰਟ ਨੇੜੇ ਇੱਕ ਅਮਰੀਕੀ ਫੌਜ ਦੇ ਬਲੈਕ ਹਾਕ ਹੈਲੀਕਾਪਟਰ ਨਾਲ ਟਕਰਾ ਗਈ ਸੀ, ਦੇ ਵਿਚ ਅਜੇ ਤੱਕ ਕੋਈ ਬਚਿਆ ਨਹੀਂ ਮਿਲਿਆ ਹੈ। ਫਾਇਰ ਚੀਫ਼ ਦਾ ਕਹਿਣਾ ਹੈ ਕਿ ਫੌਜੀ ਹੈਲੀਕਾਪਟਰ ਨਾਲ ਟਕਰਾਉਣ ਵਾਲੇ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਦੋਵੇਂ ਜਹਾਜ਼ ਪੋਟੋਮੈਕ ਨਦੀ ਵਿਚ ਡਿੱਗ ਗਏ ਸਨ। ਜਹਾਜ਼ ਵਿਚ 60 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ, ਜਦੋਂਕਿ ਹੈਲੀਕਾਪਟਰ ਵਿਚ ਤਿੰਨ ਸੇਵਾ ਮੈਂਬਰ ਸਨ। ਬਚਾਅ ਕਰਮਚਾਰੀਆਂ ਨੇ ਨਦੀ ਦੇ ਬਰਫੀਲੇ ਠੰਡੇ ਪਾਣੀ ਵਿਚੋਂ ਕਈ ਲਾਸ਼ਾਂ ਕੱਢੀਆਂ, ਪਰ ਕੋਈ ਵੀ ਜ਼ਿੰਦਾ ਨਹੀਂ ਬਚਿਆ। ਨਦੀ ਵਿਚ ਪਾਣੀ ਦਾ ਤਾਪਮਾਨ ਖ਼ਤਰਨਾਕ ਤੌਰ ‘ਤੇ ਘੱਟ ਕੇ ਲਗਭਗ 0 ਡਿਗਰੀ ਸੈਲਸੀਅਸ ਦੇ ਆਸਪਾਸ ਸੀ। ਐੱਨ.ਬੀ.ਸੀ ਦੇ ਵਾਸ਼ਿੰਗਟਨ ਐਫੀਲੀਏਟ ਨੇ ਰਿਪੋਰਟ ਦਿੱਤੀ ਹੈ ਕਿ ਬਚਾਅ ਕਰਮਚਾਰੀਆਂ ਨੇ ਨਦੀ ਵਿਚੋਂ 30 ਲਾਸ਼ਾਂ ਬਰਾਮਦ ਕੀਤੀਆਂ ਹਨ।
ਜਹਾਜ਼ ਕੈਨਸਾਸ ਰਾਜ ਦੇ ਵਿਚੀਟਾ ਤੋਂ ਰਾਸ਼ਟਰੀ ਹਵਾਈ ਅੱਡੇ ਵੱਲ ਯਾਤਰੀਆਂ ਨੂੰ ਲੈ ਜਾ ਰਿਹਾ ਸੀ। ਡੀ.ਸੀ. ਅਧਿਕਾਰੀਆਂ ਨੇ ਕਿਹਾ ਹੈ ਕਿ ਜਹਾਜ਼ ਟੁਕੜਿਆਂ ਵਿਚ ਟੁੱਟ ਗਿਆ ਸੀ ਅਤੇ ਹੈਲੀਕਾਪਟਰ ਨਦੀ ਵਿਚ ਉਲਟਾ ਮਿਲਿਆ ਸੀ। ਬਚਾਅ ਹੈਲੀਕਾਪਟਰ ਫਲੱਡ ਲਾਈਟਾਂ ਨਾਲ ਨਦੀ ‘ਤੇ ਘੁੰਮ ਰਹੇ ਸਨ ਕਿਉਂਕਿ ਕਿਸ਼ਤੀਆਂ ਅਤੇ ਬਚਾਅ ਕਰਮਚਾਰੀ ਬਚੇ ਲੋਕਾਂ ਅਤੇ ਲਾਸ਼ਾਂ ਲਈ ਨਦੀ ਵਿਚ ਲਾਸ਼ਾਂ ਲੱਭ ਰਹੇ ਸਨ। ਇਹ ਟੱਕਰ ਸਥਾਨਕ ਸਮੇਂ ਅਨੁਸਾਰ ਰਾਤ 8:47 ਵਜੇ ਦੇ ਕਰੀਬ ਹੋਈ। ਅਮਰੀਕੀ ਫੌਜੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਫੌਜ ਦਾ ਹੈਲੀਕਾਪਟਰ ਯੂ.ਐੱਚ.-60 ਬਲੈਕ ਹਾਕ ਸੀ, ਜੋ ਸਿਖਲਾਈ ਉਡਾਣ ‘ਤੇ ਸੀ। ਇਸਨੂੰ 12ਵੀਂ ਏਵੀਏਸ਼ਨ ਬਟਾਲੀਅਨ ਦੀ ਬ੍ਰਾਵੋ ਕੰਪਨੀ ਨੂੰ ਸੌਂਪਿਆ ਗਿਆ ਸੀ, ਜੋ ਕਿ ਨੇੜਲੇ ਵਰਜੀਨੀਆ ਦੇ ਫੋਰਟ ਬੇਲਵੋਇਰ ਵਿਖੇ ਡੇਵਿਸਨ ਆਰਮੀ ਏਅਰਫੀਲਡ ਤੋਂ ਕੰਮ ਕਰਦੀ ਹੈ।
ਰਿਪੋਰਟਾਂ ਅਨੁਸਾਰ ਕ੍ਰੇਮਲਿਨ ਨੇ ਕਿਹਾ ਹੈ ਕਿ ਯਾਤਰੀ ਜਹਾਜ਼ ‘ਚ ਦੋ ਮਸ਼ਹੂਰ ਸਾਬਕਾ ਰੂਸੀ ਫਿਗਰ ਸਕੇਟਰ ਸਵਾਰ ਸਨ। ਉਹ ਇਵਗੇਨੀਆ ਸ਼ਿਸ਼ਕੋਵਾ ਅਤੇ ਵਾਦਿਮ ਨੌਮੋਵ ਸਨ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇੱਕ ਬ੍ਰੀਫਿੰਗ ਵਿਚ ਉਨ੍ਹਾਂ ਦੀ ਪਛਾਣ ਨਹੀਂ ਕੀਤੀ ਪਰ ਜਦੋਂ ਪੁੱਛਿਆ ਗਿਆ ਕਿ ਕੀ ਉਹ ਸਵਾਰ ਸਨ, ਤਾਂ ਉਨ੍ਹਾਂ ਨੇ ਪੁਸ਼ਟੀ ਕੀਤੀ। ਉਸਨੇ ਇਹ ਵੀ ਸੁਝਾਅ ਦੱਸਿਆ ਕਰੈਸ਼ ਹੋਈ ਉਡਾਣ ਵਿਚ ਹੋਰ ਰੂਸੀ ਨਾਗਰਿਕ ਵੀ ਸਵਾਰ ਸਨ। ਉਸਨੇ ਕਿਹਾ, ”ਉੱਥੇ ਸਾਡੇ ਹੋਰ ਸਾਥੀ ਨਾਗਰਿਕ ਵੀ ਸਨ।” ਸ਼ਿਸ਼ਕੋਵਾ ਅਤੇ ਨੌਮੋਵ ਨੇ ਰੂਸ ਲਈ 1994 ਦੀ ਫਿਗਰ ਸਕੇਟਿੰਗ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ। ਵਾਸ਼ਿੰਗਟਨ ਪੋਸਟ ਨੇ ਰਿਪੋਰਟ ਦਿੱਤੀ ਕਿ ਵਿਆਹੁਤਾ ਜੋੜਾ ਘੱਟੋ-ਘੱਟ 1998 ਤੋਂ ਸੰਯੁਕਤ ਰਾਜ ਅਮਰੀਕਾ ਵਿਚ ਰਹਿੰਦਾ ਸੀ, ਜਿੱਥੇ ਉਹ ਨੌਜਵਾਨ ਆਈਸ ਸਕੇਟਰਾਂ ਨੂੰ ਕੋਚਿੰਗ ਦਿੰਦੇ ਸਨ।