ਲੁਧਿਆਣਾ, 29 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਜਾਣੇ-ਪਹਿਚਾਣੇ ਚਿੰਤਕ ਅਤੇ ਕੈਲੀਫੋਰਨੀਆ ਦੇ ਸਿਟੀ ਕਮਿਸ਼ਨਰ ਸ. ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਵੋ, ਦ੍ਰਿੜ੍ਹ ਇਰਾਦੇ ਅਤੇ ਕੰਮ ਸੱਭਿਆਚਾਰ ਤੁਹਾਡੇ ਸੁਭਾਅ ਵਿਚ ਸ਼ਾਮਲ ਹੋਣਾ ਜ਼ਰੂਰੀ ਹੈ ਕਿਉਂਕਿ ਇਹੀ ਸੁਭਾਅ ਸਮਾਜ ਵਿਚ ਤੁਹਾਡੀ ਚੰਗੀ ਪਹਿਚਾਣ ਬਣਾਉਂਦਾ ਹੈ। ਜ਼ਿੰਦਗੀ ਵਿਚ ਸਫਲਤਾ ਸਬੰਧੀ ਗੱਲ ਕਰਦਿਆਂ ਸਰਦਾਰ ਰੰਧਾਵਾ ਨੇ ਕਿਹਾ ਕਿ ਦੇਸ਼ ਕੋਈ ਵੀ ਹੋਵੇ, ਸਫਲਤਾ ਦਾ ਫਾਰਮੂਲਾ ਸਿਰਫ ਮਿਹਨਤ ਅਤੇ ਇਮਾਨਦਾਰੀ ਹੀ ਹੁੰਦਾ ਹੈ। ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਵੱਲੋਂ ਅਯੋਜਿਤ ਇੱਕ ਸਮਾਗਮ ਵਿਚ ਸ. ਰੰਧਾਵਾ ਨੇ ਦੱਸਿਆ ਕਿ ਉਹ ਤੀਹ ਸਾਲ ਤੋਂ ਅਮਰੀਕਾ ਰਹਿ ਰਹੇ ਹਨ, ਜਦੋਂਕਿ ਆਪਣੇ ਕਾਰੋਬਾਰ ਅਤੇ ਸਾਹਿਤਕ ਗਤੀਵਿਧੀਆਂ ਕਰਕੇ ਉਨ੍ਹਾਂ ਨੂੰ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਜਾਣ ਦਾ ਮੌਕਾ ਵੀ ਮਿਲਦਾ ਰਹਿੰਦਾ ਹੈ। ਇਸ ਲਈ ਮੈਂ ਹਰ ਮੁਲਕ ਵਿਚ ਮਿਹਨਤ ਅਤੇ ਇਮਾਨਦਾਰੀ ਦਾ ਬੋਲਬਾਲਾ ਦੇਖਿਆ ਹੈ। ਸਮਾਗਮ ਦੌਰਾਨ ਫਾਊਂਡੇਸ਼ਨ ਦੇ ਚੇਅਰਮੈਨ ਜੱਥੇਦਾਰ ਪ੍ਰੀਤਮ ਸਿੰਘ ਭਰੋਵਾਲ ਅਤੇ ਸਕੱਤਰ ਜਨਰਲ ਡਾ. ਨਿਰਮਲ ਜੌੜਾ ਨੇ ਸ. ਰੰਧਾਵਾ ਦਾ ਸਨਮਾਨ ਕੀਤਾ। ਸਨਮਾਨ ਪ੍ਰਾਪਤੀ ਉਪਰੰਤ ਸ. ਰੰਧਾਵਾ ਨੇ ਇਹ ਵੀ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਉੱਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਤ ਸਮੁੰਦਰ ਪਾਰ ਜਾ ਕੇ ਵੀ ਸਾਨੂੰ ਸਾਡੀ ਭਾਸ਼ਾ ਅਤੇ ਰੀਤੀ ਰਿਵਾਜ਼ ਸਕੂਨ ਦਿੰਦੇ ਹਨ।
ਸ. ਰੰਧਾਵਾ ਦਾ ਸਾਵਗਤ ਕਰਦਿਆਂ ਫਾਊਂਡੇਸ਼ਨ ਦੇ ਸਕੱਤਰ ਜਨਰਲ ਡਾ. ਨਿਰਮਲ ਜੌੜਾ ਨੇ ਕਿਹਾ ਕਿ ਗੁਰਜਤਿੰਦਰ ਰੰਧਾਵਾ ਜਿਥੇ ਮਿਹਨਤੀ ਸੁਭਾਅ ਦੇ ਮਾਲਕ ਹਨ, ਉਥੇ ਆਪਣੇ ਕੰਮ ਵਿਚ ਦਿਲਚਸਪੀ ਅਤੇ ਲਗਨ ਰੱਖਣ ਵਾਲੇ ਇਨਸਾਨ ਹਨ। ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਸ. ਰੰਧਾਵਾ ਨੇ ਅਮਰੀਕਾ ਵਰਗੇ ਵਿਕਸਿਤ ਮੁਲਕ ਵਿਚ ਜਾ ਕੇ ਆਪਣੀ ਮਿਹਨਤ ਦੇ ਬਲਬੂਤੇ ਜਿੱਥੇ ਕਾਰੋਬਾਰੀਆਂ ਦੀ ਕਤਾਰ ਵਿਚ ਜਗ੍ਹਾ ਬਣਾਈ ਹੈ, ਉਥੇ ਉਥੋਂ ਦੀ ਰਾਜਨੀਤੀ ਵਿਚ ਆਪਣੇ ਆਪ ਨੂੰ ਮਜ਼ਬੂਤ ਕੀਤਾ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਫਾਊਂਡੇਸ਼ਨ ਦੇ ਚੇਅਰਮੈਨ ਜੱਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੇ ਕਿਹਾ ਕਿ ਗੁਰਜਤਿੰਦਰ ਰੰਧਾਵਾ ਬਹੁ-ਪਰਤੀ ਵਿਚਰਨ ਵਾਲਾ ਉੱਦਮੀ ਇਨਸਾਨ ਹੈ, ਜਿਸ ਨੇ ਵਪਾਰ, ਮੀਡੀਆ, ਸਾਹਿਤ, ਸੱਭਿਆਚਾਰ ਦੇ ਨਾਲ-ਨਾਲ ਰਾਜਨੀਤੀ ਅਤੇ ਸਮਾਜ ਸੇਵਾ ਵਿਚ ਚੰਗੇ ਕਾਰਜ ਕਰਕੇ ਦੁਨੀਆਂ ਵਿਚ ਆਪਣਾ ਨਾਮ ਕਮਾਇਆ ਹੈ। ਸ. ਭਰੋਵਾਲ ਨੇ ਦੱਸਿਆ ਪਿਛਲੇ ਸਮੇਂ ਪ੍ਰਕਾਸ਼ਤ ਹੋਈ ਡਾ. ਪ੍ਰਭਲੀਨ ਸਿੰਘ ਪਟਿਆਲਾ ਦੀ ਲਿਖੀ ਪੁੱਸਤਕ ‘ਪਰੌਂਮੀਨੈਂਟ ਸਿੱਖਸ ਆਫ ਯੂ.ਐੱਸ.ਏ.’ ਵਿਚ ਸ. ਰੰਧਾਵਾ ਦਾ ਜੀਵਨ ਬਿਊਰਾ ਛਪਣਾ ਮਾਣ ਵਾਲੀ ਗੱਲ ਹੈ ਕਿਉਂਕਿ ਇਸ ਪੁਸਤਕ ਵਿਚ ਅਮਰੀਕਾ ਦੇ ਚੋਣਵੇਂ ਸਿੱਖਾਂ ਬਾਰੇ ਚਰਚਾ ਕੀਤੀ ਗਈ ਹੈ। ‘ਪਰੌਂਮੀਨੈਂਟ ਸਿੱਖਸ ਆਫ ਯੂ.ਐੱਸ.ਏ.’ ਪੁਸਤਕ ਦੀ ਇੱਕ ਕਾਪੀ ਸ. ਰੰਧਾਵਾ ਵੱਲੋਂ ਬਾਬਾ ਫਰੀਦ ਲਾਇਬ੍ਰੇਰੀ ਲਈ ਭੇਟ ਕੀਤੀ ਗਈ।
ਇਸ ਮੌਕੇ ਸ. ਰੰਧਾਵਾ ਰਚਿਤ ਦੋ ਪੁੱਸਤਕਾਂ ‘ਪ੍ਰਵਾਸੀ ਮੁੱਦੇ’ ਅਤੇ ‘ਆਵਾਜ਼-ਏ-ਪ੍ਰਵਾਸ’ ‘ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਜਸਵੰਤ ਸਿੰਘ ਛਾਪਾ ਅਤੇ ਡਾ. ਚੰਦਰ ਭਨੋਟ ਨੇ ਸ. ਗੁਰਜਤਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ।
ਦੁਨੀਆਂ ਦੇ ਕਿਸੇ ਵੀ ਦੇਸ਼ ਜਾਵੋ, ਸਫਲਤਾ ਸਿਰਫ ਮਿਹਨਤ ਅਤੇ ਇਮਾਨਦਾਰੀ ਨਾਲ ਹੀ ਮਿਲਦੀ ਹੈ : ਰੰਧਾਵਾ
