#PUNJAB

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੀ ਪਾਰਟੀ ਦੇ ਆਗੂਆਂ ਨੂੰ ਘੇਰਿਆ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬੁੱਧਵਾਰ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ‘ਤੇ ਬਿਨਾਂ ਨਾ ਲਏ ਸਵਰਾਜ ਦਾ ਸਿਧਾਂਤ ਤਿਆਗਣ ਦਾ ਦੋਸ਼ ਲਾਇਆ ਹੈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਨਗਰ ਨਿਗਮ ਦੀ ਚੋਣ ਮਗਰੋਂ ਜਿੱਤੇ ਕੌਂਸਲਰਾਂ ਦੀ ਖ਼ਰੀਦੋ-ਫਰੋਖ਼ਤ ਕੀਤੀ ਜਾ ਰਹੀ ਹੈ, ਜੋ ਸਵਰਾਜ ਦੇ ਸਿਧਾਂਤ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸੇ ਸਿਧਾਂਤ ਨੂੰ ਲੈ ਕੇ ਪਾਰਟੀ 2022 ਵਿਚ ਪੰਜਾਬ ਵਿਚ ਸੱਤਾ ਵਿਚ ਆਈ ਸੀ ਪਰ ਅੱਜ ਸਿਧਾਂਤ ਨੂੰ ਤਿਆਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਬਚਾਉਣਾ ਹੈ, ਤਾਂ ਜਿੱਤੇ ਹੋਏ ਨੁਮਾਇੰਦਿਆਂ ਦੀ ਖ਼ਰੀਦੋ-ਫਰੋਖ਼ਤ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੱਤਣ ਵਾਲਾ ਚਾਹੇ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ, ਉਸ ਨੂੰ ਉਸੇ ਰੂਪ ਵਿਚ ਸਵੀਕਾਰ ਕਰਨਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਨਗਰ ਨਿਗਮ ਚੋਣਾਂ ‘ਚ 85 ਸੀਟਾਂ ਵਿਚੋਂ ‘ਆਪ’ ਨੂੰ ਸਿਰਫ਼ 24 ਸੀਟਾਂ ਮਿਲੀਆਂ ਸਨ, ਜਦੋਂਕਿ ਕਾਂਗਰਸ ਨੇ 40 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ‘ਆਪ’ ਆਗੂਆਂ ਵੱਲੋਂ ਹਾਲ ਹੀ ਵਿਚ 6 ਆਜ਼ਾਦ ਅਤੇ ਇਕ ਸਿਆਸੀ ਪਾਰਟੀ ਦੇ ਕੌਂਸਲਰ ਸਮੇਤ 7 ਕੌਂਸਲਰਾਂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕੀਤਾ ਗਿਆ। ਜਾਣਕਾਰੀ ਮੁਤਾਬਕ ‘ਆਪ’ ਵੱਲੋਂ ਜਿਨ੍ਹਾਂ ਆਜ਼ਾਦ ਕੌਂਸਲਰਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਹੈ। ਉਹ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਸਮਰਥਕ ਕੌਂਸਲਰ ਸਨ। ਇਸ ਸਬੰਧੀ ‘ਆਪ’ ਆਗੂਆਂ ‘ਤੇ ਖ਼ਰੀਦੋ-ਫਰੋਖ਼ਤ ਕਰਨ ਦੇ ਦੋਸ਼ ਵੀ ਲੱਗੇ ਹਨ। ਹਾਲਾਂਕਿ, ਬੀਤੇ ਦਿਨੀਂ ਇਕ ਕੈਬਨਿਟ ਮੰਤਰੀ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਸੀ ਕਿ ਨਗਰ ਨਿਗਮ ਵਿਚ ‘ਆਪ’ ਦਾ ਮੇਅਰ ਬਣੇਗਾ।
ਹਾਲਾਂਕਿ, ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਖ਼ਰੀਦੇ ਗਏ ਕੌਂਸਲਰ ਜਾਂ ਖ਼ਰੀਦਣ ਵਾਲੇ ਕਿਸੇ ਵੀ ਵਿਅਕਤੀ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਇਹ ਸਿਧਾਂਤਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਵਿਚ ਅੰਮ੍ਰਿਤਸਰ ਦੇ ਲੋਕਾਂ ਨੇ ਕਿਸੇ ਨੂੰ ਵੀ ਬਹੁਮਤ ਨਹੀਂ ਦਿੱਤਾ, ਜਿਸ ਤੋਂ ਸਪੱਸ਼ਟ ਹੈ ਕਿ ਲੋਕਾਂ ਨੇ ਕਿਸੇ ‘ਤੇ ਵੀ ਵਿਸ਼ਵਾਸ ਨਹੀਂ ਕੀਤਾ।
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੋਸ਼ ਲਾਇਆ ਕਿ ਪਾਰਟੀ ਵਿਚ ਕੁਝ ਅਪਰਾਧਿਕ ਤੱਤ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਉਹ ਪੁਲਿਸ ਅਧਿਕਾਰੀ ਦੇ ਕਾਰਜਕਾਲ ਤੋਂ ਜਾਣਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਦਿੱਲੀ ਚੋਣਾਂ ਵਿਚ ਉਨ੍ਹਾਂ ਦੇ ਯੋਗਦਾਨ ਦੀ ਲੋੜ ਮਹਿਸੂਸ ਕਰੇਗੀ, ਤਾਂ ਉਹ ਚੋਣ ਪ੍ਰਚਾਰ ਲਈ ਜ਼ਰੂਰ ਜਾਣਗੇ। ਉਨ੍ਹਾਂ ਖੁਲਾਸਾ ਕੀਤਾ ਕਿ ਉਹ ਇਹ ਸਮੁੱਚਾ ਮਾਮਲਾ ਪਾਰਟੀ ਪੱਧਰ ‘ਤੇ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਧਿਆਨ ਵਿਚ ਵੀ ਲਿਆ ਚੁੱਕੇ ਹਨ।