#INDIA

ਹਰਿਆਣਾ ਭਾਜਪਾ ਪ੍ਰਧਾਨ ਖ਼ਿਲਾਫ਼ ਸਮੂਹਿਕ ਜਬਰ-ਜ਼ਨਾਹ ਦੇ ਦੋਸ਼ ਹੇਠ ਕੇਸ

* ਗਾਇਕ ਰੌਕੀ ਮਿੱਤਲ ਵੀ ਕੇਸ ‘ਚ ਨਾਮਜ਼ਦ
* ਭਾਜਪਾ ਆਗੂ ਮੋਹਨ ਲਾਲ ਬੜੌਲੀ ਨੇ ਦੋਸ਼ ਨਕਾਰੇ
ਸੋਲਨ, 15 ਜਨਵਰੀ (ਪੰਜਾਬ ਮੇਲ)- ਕਸੌਲੀ ਪੁਲਿਸ ਨੇ ਹਰਿਆਣਾ ਭਾਜਪਾ ਪ੍ਰਧਾਨ ਮਹੋਨ ਲਾਲ ਬੜੌਲੀ ਅਤੇ ਗਾਇਕ ਰੌਕੀ ਮਿੱਤਲ ਉਰਫ ਜੈ ਭਗਵਾਨ ਖ਼ਿਲਾਫ਼ ਸਮੂਹਿਕ ਜਬਰ-ਜ਼ਨਾਹ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। 13 ਦਸੰਬਰ ਨੂੰ ਮਹਿਲਾ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਹਰਿਆਣਾ ਭਾਜਪਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਦੋਸ਼ ਨਕਾਰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਸਾਖ ਅਤੇ ਸਿਆਸੀ ਕਰੀਅਰ ਨੂੰ ਨੁਕਸਾਨ ਪਹੁੰਚਾਉਣ ਲਈ ਚੱਲੀ ਗਈ ਚਾਲ ਹੈ।
ਐੱਫ.ਆਈ.ਆਰ. ਅਨੁਸਾਰ ਇਹ ਮਾਮਲਾ 3 ਜੁਲਾਈ 2023 ਦਾ ਹੈ, ਜਦੋਂ ਪੀੜਤਾ ਆਪਣੀ ਦੋਸਤ ਪੂਨਮ ਅਤੇ ਅਮਿਤ ਨਾਲ ਹਿਮਾਚਲ ਪ੍ਰਦੇਸ਼ ਆਈ ਸੀ। ਉਨ੍ਹਾਂ 3 ਜੁਲਾਈ 2023 ਨੂੰ ਸ਼ਾਮ 5 ਵਜੇ ਦੇ ਕਰੀਬ ਕਸੌਲੀ ਦੇ ਹੋਟਲ ਦਾ ਕਮਰਾ ਛੱਡਿਆ ਸੀ। ਇਸ ਦੌਰਾਨ ਘੁੰਮਦਿਆਂ ਉਨ੍ਹਾਂ ਦੀ ਮੁਲਾਕਾਤ ਉਸੇ ਹੋਟਲ ‘ਚ ਰਹਿ ਰਹੇ ਦੋ ਵਿਅਕਤੀਆਂ ਨਾਲ ਹੋਈ। ਇਨ੍ਹਾਂ ‘ਚੋਂ ਇਕ ਨੇ ਆਪਣੀ ਪਛਾਣ ਸਿਆਸੀ ਆਗੂ ਮੋਹਨ ਲਾਲ ਬੜੌਲੀ ਵਜੋਂ, ਜਦਕਿ ਦੂਜੇ ਨੇ ਆਪਣੀ ਪਛਾਣ ਗਾਇਕ ਰੌਕੀ ਮਿੱਤਲ ਵਜੋਂ ਦੱਸੀ।
ਇਨ੍ਹਾਂ ਦੋਵਾਂ ਨੇ ਦੋਵਾਂ ਔਰਤਾਂ ਨੂੰ ਕਮਰਿਆਂ ‘ਚ ਜਾ ਕੇ ਗੱਲਬਾਤ ਕਰਨ ਲਈ ਕਿਹਾ। ਕਮਰੇ ਵਿਚ ਜਾਣ ਮਗਰੋਂ ਰੌਕੀ ਨੇ ਪੀੜਤਾ ਨੂੰ ਆਪਣੇ ਗੀਤ ਵਿਚ ਕੰਮ ਕਰਨ ਅਤੇ ਬੜੌਲੀ ਨੇ ਉਸ ਨੂੰ ਸਰਕਾਰੀ ਨੌਕਰੀ ਦਿਵਾਉਣ ਦੀ ਪੇਸ਼ਕਸ਼ ਕੀਤੀ। ਮਗਰੋਂ ਦੋਵਾਂ ਨੇ ਉਨ੍ਹਾਂ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਵੱਲੋਂ ਵਿਰੋਧ ਕਰਨ ‘ਤੇ ਉਨ੍ਹਾਂ ਪੂਨਮ ਨੂੰ ਡਰਾਇਆ-ਧਮਕਾਇਆ। ਪੀੜਤਾ ਨੇ ਦੋਸ਼ ਲਾਇਆ ਕਿ ਦੋਵਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਇਸ ਦੀ ਵੀਡੀਓ ਵੀ ਬਣਾਈ। ਆਪਣੀ ਜਾਨ ਦੇ ਡਰੋਂ ਪੀੜਤਾ ਨੇ ਚੁੱਪ ਰਹਿਣ ਦਾ ਫ਼ੈਸਲਾ ਕੀਤਾ। ਪੀੜਤਾ ਨੇ ਦੋਸ਼ ਲਾਇਆ ਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਮੁੜ ਪੰਚਕੂਲਾ ਬੁਲਾਇਆ ਗਿਆ, ਜਿੱਥੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਸੋਲਨ ਦੇ ਐੱਸ.ਪੀ. ਗੌਰਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।