#EUROPE

ਚੀਨ ‘ਚ ਫੈਲੇ ਨਵੇਂ ਵਾਇਰਸ ਤੋਂ ਕੋਰੋਨਾ ਵਰਗਾ ਖ਼ਤਰਾ!

ਚੀਨ ਨੇ ਫਲੂ ਫੇ ਵੱਡੇ ਪ੍ਰਕੋਪ ਦੀਆਂ ਰਿਪੋਰਟਾਂ ਨੂੰ ਕੀਤਾ ਰੱਦ
ਬੀਜਿੰਗ, 4 ਜਨਵਰੀ (ਪੰਜਾਬ ਮੇਲ)- ਚੀਨ ਨੇ ਦੇਸ਼ ਵਿਚ ਫਲੂ ਦੇ ਵੱਡੇ ਪ੍ਰਕੋਪ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਤੋਂ ਬਚਣਾ ਚਾਹੀਦਾ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਚੀਨ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਭੀੜ ਵਧ ਰਹੀ ਹੈ। ਚੀਨ ਦਾ ਕਹਿਣਾ ਹੈ ਕਿ ਸਰਦੀਆਂ ਦੇ ਮੌਸਮ ਵਿਚ ਹਰ ਸਾਲ ਸਾਹ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਅਤੇ ਇਸ ਸਾਲ ਸਾਹਮਣੇ ਆਏ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ ਘੱਟ ਗੰਭੀਰ ਹਨ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਕਿਹਾ ਕਿ ਉੱਤਰੀ ਗੋਲਿਸਫਾਇਰ (ਚੀਨ ਅਤੇ ਆਸਪਾਸ ਦੇ ਖੇਤਰਾਂ) ਵਿਚ ਸਰਦੀਆਂ ਦੌਰਾਨ ਸਾਹ ਦੀਆਂ ਸਮੱਸਿਆਵਾਂ ਆਪਣੇ ਸਿਖਰ ‘ਤੇ ਹੁੰਦੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਚੀਨ ਵਿਚ ਯਾਤਰਾ ਕਰਨਾ ਸੁਰੱਖਿਅਤ ਹੈ।
ਮਾਓ ਨਿੰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ”ਇਹ ਬੀਮਾਰੀਆਂ ਪਿਛਲੇ ਸਾਲ ਦੇ ਮੁਕਾਬਲੇ ਘੱਟ ਗੰਭੀਰ ਹਨ ਅਤੇ ਇਨ੍ਹਾਂ ਦਾ ਪ੍ਰਸਾਰ ਵੀ ਘੱਟ ਹੋਇਆ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨ ਦੀ ਸਰਕਾਰ ਚੀਨ ਵਿਚ ਰਹਿੰਦੇ ਆਪਣੇ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ ਦੀ ਸਿਹਤ ਦਾ ਪੂਰਾ ਧਿਆਨ ਰੱਖਦੀ ਹੈ।
ਭੀੜ-ਭੜੱਕੇ ਵਾਲੇ ਹਸਪਤਾਲਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਪਰ ਮਾਓ ਨਿੰਗ ਦਾ ਕਹਿਣਾ ਹੈ ਕਿ ਇਹ ਇਕ ਸਾਲਾਨਾ ਘਟਨਾ ਹੈ, ਜੋ ਸਰਦੀਆਂ ਵਿਚ ਵਾਪਰਦੀ ਹੈ। ਚੀਨ ਦਾ ਮੌਸਮ ਵੀ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਠੰਡਾ ਹੈ, ਜੋ ਇਸ ਪ੍ਰਕੋਪ ਦਾ ਕਾਰਨ ਹੋ ਸਕਦਾ ਹੈ। ਚੀਨ ਦੇ ਰਾਸ਼ਟਰੀ ਰੋਗ ਕੰਟਰੋਲ ਅਤੇ ਰੋਕਥਾਮ ਪ੍ਰਸ਼ਾਸਨ ਨੇ ਵੀ ਸਰਦੀਆਂ ਦੇ ਮੌਸਮ ਦੌਰਾਨ ਸਾਹ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸਦਾ ਉਦੇਸ਼ ਲੋਕਾਂ ਨੂੰ ਸੁਚੇਤ ਕਰਨਾ ਅਤੇ ਵਾਇਰਸ ਦੇ ਸੰਭਾਵਿਤ ਫੈਲਣ ਨੂੰ ਰੋਕਣਾ ਹੈ।
ਪਿਛਲੇ ਕੁਝ ਦਿਨਾਂ ਵਿਚ ਚੀਨ ਵਿਚ ਨਵੇਂ ਵਾਇਰਸ ਦੇ ਫੈਲਣ ਨੂੰ ਲੈ ਕੇ ਭਾਰਤ ਸਮੇਤ ਕੁਝ ਹੋਰ ਦੇਸ਼ਾਂ ਵਿਚ ਵੱਡੇ ਪੱਧਰ ‘ਤੇ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਭਾਰਤੀ ਸਿਹਤ ਮੰਤਰਾਲਾ ਵੀ ਚੀਨ ਵਿਚ ਐੱਚ.ਐੱਮ.ਪੀ.ਵੀ. ਵਾਇਰਸ ਦੇ ਫੈਲਣ ਨੂੰ ਲੈ ਕੇ ਸਾਵਧਾਨ ਹੈ ਅਤੇ ਐੱਨ.ਸੀ.ਡੀ.ਸੀ. ਇਸ ਪ੍ਰਕੋਪ ‘ਤੇ ਨਜ਼ਰ ਰੱਖ ਰਿਹਾ ਹੈ। ਐੱਨ.ਸੀ.ਡੀ.ਸੀ. ਨੇ ਇਕ ਬਿਆਨ ਵਿਚ ਇਹ ਵੀ ਕਿਹਾ ਹੈ ਕਿ ਜ਼ਰੂਰੀ ਜਾਣਕਾਰੀ ਪ੍ਰਾਪਤ ਹੋਣ ‘ਤੇ ਹੋਰ ਅਪਡੇਟਸ ਦਿੱਤੇ ਜਾਣਗੇ।