#PUNJAB

ਮੁੜ ਇੱਕਠਾ ਹੋਵੇਗਾ ਸੰਯੁਕਤ ਕਿਸਾਨ ਮੋਰਚਾ

ਪਟਿਆਲਾ/ਹਰਿਆਣਾ, 15 ਦਸੰਬਰ (ਪੰਜਾਬ ਮੇਲ) –  ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਅੰਦੋਲਨ 2.0 ਦੇ ਹੱਕ ਵਿਚ ਹੁਣ ਸੰਯੁਕਤ ਕਿਸਾਨ ਮੋਰਚਾ ਵੀ ਨਿਤਰ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿਚ 23 ਦਸੰਬਰ ਨੂੰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।  ਇਥੇ ਦੱਸ ਦੇਈਏ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਚਿੱਠੀ ਲਿਖ ਕੇ ਸੱਦਾ ਗਿਆ ਸੀ, ਜਿਸ ਤੋਂ ਬਾਅਦ ਬੀ. ਕੇ. ਯੂ. ਉਗਰਾਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕਜੁਟ ਹੋ ਕੇ 23 ਦਸੰਬਰ ਨੂੰ ਦੇਸ਼ ਭਰ ਵਿਚ ਜ਼ਿਲ੍ਹਾ ਹੈੱਡ ਕੁਆਰਟਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਬਾਅਦ ਅੱਗੇ ਦੀ ਰਣਨੀਤੀ ਉਲੀਕੀ ਜਾਵੇਗੀ। ਬੀ. ਕੇ. ਯੂ. ਉਗਰਾਹਾਂ ਨੇ ਕਿਹਾ ਕਿ ਵੱਡੀ ਲੜਾਈ ਇਕੱਲੇ ਨਹੀਂ ਲੜੀ ਜਾ ਸਕਦੀ। ਚਿੱਠੀ ਜਾਰੀ ਕਰਕੇ ਲਿਖਿਆ ਗਿਆ ਸੀ ਕਿ ਅਸੀਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਅੰਦੋਲਨ- 2 ਸ਼ੁਰੂ ਕਰਨ ਤੋਂ ਪਹਿਲਾਂ ਵੀ ਏਕਤਾ ਲਈ ਯਤਨ ਜੁਟਾਏ ਸਨ, ਭਾਵੇਂ ਕਈ ਕਾਰਨਾਂ ਕਰਕੇ ਕੀਤੇ ਯਤਨ ਸਫ਼ਲ ਨਹੀਂ ਹੋ ਸਕੇ ਪਰ ਅਸੀ ਕਿਸਾਨ ਮਜ਼ਦੂਰ ਮੋਰਚੇ ਨੇ ਦੇਸ਼ ਵਿਆਪੀ ਕਿਸਾਨਾਂ ਮਜ਼ਦੂਰਾਂ ਦੇ ਕਿੱਤੇ ਨਾਲ ਸੰਬੰਧਤ 12 ਮੰਗਾਂ ਉੱਤੇ ਲੜੇ ਜਾ ਰਹੇ ਸੰਘਰਸ਼ ਦੀ ਚੜ੍ਹਦੀਕਲਾ ਲਈ ਸਮੁੱਚੀ ਏਕਤਾ ਲਈ ਯਤਨ ਜਾਰੀ ਰੱਖਦਿਆਂ ਆਪ ਨੂੰ ਦੋਬਾਰਾ ਸੱਦਾ ਦਿੰਦੇ ਹਾਂ। ਸੱਦਾ ਪ੍ਰਵਾਨ ਹੋਵੇ ਤਾਂ ਮੀਟਿੰਗਾਂ ਦਾ ਸਿਲਸਿਲਾ ਅੱਗੇ ਚਲਾ ਸਕਦੇ ਹਾਂ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਸੀ ਕਿ ਉਹ ਆਸ ਰੱਖਦੇ ਹਨ ਕਿ ਹਮਖਿਆਲੀ ਜਥੇਬੰਦੀਆਂ ਦੀ ਸ਼ਮੂਲੀਅਤ ਦੇ ਨਾਲ ਕਿਸਾਨ ਮਜ਼ਦੂਰਾਂ ਦੀ ਏਕਤਾ ਨੂੰ ਬਲ ਮਿਲੇਗਾ।