ਟੋਰਾਂਟੋ, 14 ਦਸੰਬਰ (ਪੰਜਾਬ ਮੇਲ)- ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਵਿਰੁੱਧ ਕੂਟਨੀਤਕ ਲੜਾਈ ਹਾਰਨ ਤੋਂ ਬਾਅਦ ਹੁਣ ਭਾਰਤੀਆਂ ਨੂੰ ਪ੍ਰੇਸ਼ਾਨ ਕਰਨ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਇਸ ਸਿਲਸਿਲੇ ਵਿਚ ਹੁਣ ਉੱਥੇ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਈ-ਮੇਲ ਭੇਜ ਕੇ ਸਟੱਡੀ ਪਰਮਿਟ, ਵੀਜ਼ਾ ਅਤੇ ਵਿਦਿਅਕ ਰਿਕਾਰਡ, ਅਟੈਂਡੈਂਸ ਅਤੇ ਮਾਕਰਸ ਵਰਗੇ ਜ਼ਰੂਰੀ ਦਸਤਾਵੇਜ਼ ਦੁਬਾਰਾ ਜਮ੍ਹਾ ਕਰਨ ਲਈ ਕਿਹਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਵਿਚ ਦਹਿਸ਼ਤ ਫੈਲ ਗਈ ਹੈ।
ਇਹ ਈਮੇਲ ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਭੇਜੀਆਂ ਜਾ ਰਹੀਆਂ ਹਨ। ਕੁਝ ਵਿਦਿਆਰਥੀਆਂ ਦਾ ਵੀਜ਼ਾ ਪਰਮਿਟ ਸਿਰਫ 2 ਸਾਲਾਂ ਲਈ ਹੈ, ਇਸ ਲਈ ਇਹ ਵਿਦਿਆਰਥੀ ਬਹੁਤ ਡਰੇ ਹੋਏ ਹਨ ਕਿ ਸਰਕਾਰ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢ ਸਕਦੀ ਹੈ। ਇੱਕ ਵਿਦਿਆਰਥੀ ਨੇ ਦੱਸਿਆ ਕਿ ਸਰਕਾਰ ਨੇ ਸਾਡੇ ਤੋਂ ਸਾਰੇ ਦਸਤਾਵੇਜ਼ ਮੰਗੇ ਹਨ। ਇਸ ਵਿਚ ਹਾਜ਼ਰੀ, ਮਾਰਕਸ ਅਤੇ ਪਾਰਟ ਟਾਈਮ ਕੰਮ ਦਾ ਰਿਕਾਰਡ ਵੀ ਮੰਗਿਆ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਇਸੇ ਤਰ੍ਹਾਂ ਦੀ ਈਮੇਲ ਭੇਜ ਕੇ ਵਿਦਿਆਰਥੀਆਂ ਨੂੰ ਆਈ.ਆਰ.ਸੀ.ਸੀ. ਦਫ਼ਤਰ ਜਾ ਕੇ ਤਸਦੀਕ ਕਰਵਾਉਣ ਲਈ ਕਿਹਾ ਗਿਆ ਸੀ।