ਤਲਵੰਡੀ ਸਾਬੋ, 12 ਦਸੰਬਰ (ਪੰਜਾਬ ਮੇਲ)- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸੇਵਾ ਕਰਨ ਲਈ ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸਾਬਕਾ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅੱਜ ਤਖ਼ਤ ਦਮਦਮਾ ਸਾਹਿਬ ਪੁੱਜੇ ਤੇ ਸੇਵਾ ਨਿਭਾਈ। ਉਨ੍ਹਾਂ ਪਹਿਲਾਂ ਸਵੇਰੇ 9 ਤੋਂ 10 ਵਜੇ ਤੱਕ ਤਖ਼ਤ ਸਾਹਿਬ ਦੇ ਮੁੱਖ ਦੁਆਰ ਅੱਗੇ ਚਰਨ ਕੁੰਡ ਕੋਲ ਨੀਲਾ ਚੋਲਾ ਪਹਿਨ ਅਤੇ ਹੱਥ ਵਿੱਚ ਬਰਛਾ ਫੜ ਕੇ ਚੋਬਦਾਰ (ਪਹਿਰੇਦਾਰ) ਵਜੋਂ ਸੇਵਾ ਕੀਤੀ।
ਇਸ ਮਗਰੋਂ ਇੱਕ ਘੰਟਾ ਗੁਰਬਾਣੀ ਕੀਰਤਨ ਸਵਰਣ ਕੀਤਾ। ਉਸ ਤੋਂ ਬਾਅਦ ਉਨ੍ਹਾਂ ਮਾਤਾ ਸੁੰਦਰ ਕੌਰ ਲੰਗਰ ਹਾਲ ਵਿੱਚ ਦਸ ਕੁ ਮਿੰਟ ਹੀ ਜੂਠੇ ਭਾਂਡੇ ਮਾਂਜਣੇ ਦੀ ਸੇਵਾ ਕੀਤੀ। ਉਹ ਸਿਹਤ ਠੀਕ ਨਾ ਹੋਣ ਕਰ ਕੇ ਜ਼ਿਆਦਾ ਦੇਰ ਇਹ ਸੇਵਾ ਨਾ ਕਰ ਸਕੇ। ਇਸ ਮੌਕੇ ਉਨ੍ਹਾਂ ਨਾਲ ਵੀ ਵੱਡੀ ਗਿਣਤੀ ਅਕਾਲੀ ਆਗੂ ਹਾਜ਼ਰ ਸਨ।