ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਪਿੰਡ ਕੋਹਾਟਵਿੰਡ ਹਿੰਦੁਆਣਾ ਨਾਲ ਸਬੰਧਤ ਜਸ਼ਨਦੀਪ ਸਿੰਘ (20) ਨੂੰ ਤਬੀਅਤ ਵਿਗੜਨ ਮਗਰੋਂ Hospital ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿਤਾ। California ਦੇ ਲੇਥਰੌਪ ਨਾਲ ਸਬੰਧਤ ਬਘੇਲ ਸਿੰਘ ਨੇ GoFundMe ਪੇਜ ਸਥਾਪਤ ਕੀਤਾ ਹੈ, ਤਾਂਕਿ ਜਸ਼ਨਦੀਪ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ ਅਤੇ ਮਾਪਿਆਂ ਦੀ ਆਰਥਿਕ ਮਦਦ ਕੀਤੀ ਜਾ ਸਕੇ।
ਬਘੇਲ ਸਿੰਘ ਮੁਤਾਬਕ ਜਸ਼ਨਦੀਪ ਸਿੰਘ ਸਿਰਫ਼ ਪੰਜ ਮਹੀਨੇ ਪਹਿਲਾਂ ਹੀ ਅਮਰੀਕਾ ਪੁੱਜਾ ਸੀ ਅਤੇ 8 ਦਸੰਬਰ ਨੂੰ ਅਚਾਨਕ ਉਸ ਦੀ ਤਬੀਅਤ ਵਿਗੜਨ ਲੱਗੀ। ਜਸ਼ਨਦੀਪ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਨੇ ਆਈ.ਸੀ.ਯੂ. ਵਿਚ ਭੇਜ ਦਿੱਤਾ, ਇੱਥੇ ਉਸ ਨੂੰ ਦਿਲ ਦਾ ਦੌਰਾ ਪਿਆ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਦੀ ਬੇਵਕਤੀ ਮੌਤ ਆਮ ਗੱਲ ਹੋ ਚੁੱਕੀ ਹੈ, ਜਿਨ੍ਹਾਂ ਦੇ ਦਿਮਾਗ ‘ਤੇ ਵਧ ਰਿਹਾ ਤਣਾਅ ਵੀ ਇਨ੍ਹਾਂ ਅਣਹੋਣੀਆਂ ‘ਚ ਵੱਡਾ ਯੋਗਦਾਨ ਪਾਉਂਦਾ ਹੈ।