#PUNJAB

ਐੱਨ.ਆਰ.ਆਈ. ਬਜ਼ੁਰਗ ਔਰਤ ਦੇ ਖਾਤੇ ‘ਚੋਂ ਨੂੰਹ ਨੇ ਲੱਖਾਂ ਰੁਪਏ ਕੀਤੇ ਗਾਇਬ

-ਹੇਰਾਫੇਰੀ ਕਰਨ ਵਾਲੀ ਨੂੰਹ ਦੀ ਜ਼ਮਾਨਤ ਰੱਦ
ਖੰਨਾ, 11 ਦਸੰਬਰ (ਪੰਜਾਬ ਮੇਲ)- ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੀ ਕਮਲ ਕਾਲੋਨੀ ਵਿਚ ਰਹਿੰਦੀ ਪ੍ਰਵਾਸੀ ਭਾਰਤੀ ਬਜ਼ੁਰਗ ਔਰਤ ਦੇ ਖਾਤੇ ਵਿਚੋਂ 12 ਲੱਖ 33 ਹਜ਼ਾਰ ਰੁਪਏ ਗਾਇਬ ਹੋ ਗਏ ਸਨ। ਬਜ਼ੁਰਗ ਔਰਤ ਦੀ ਨੂੰਹ ਨੇ ਧੋਖੇ ਨਾਲ ਇਹ ਰਕਮ ਬੈਂਕ ਖਾਤਿਆਂ ਵਿਚ Transfer ਕੀਤੀ ਸੀ, ਜਿਸ ‘ਤੇ ਸ਼ਿਕਾਇਤਕਰਤਾ ਅੰਮ੍ਰਿਤ ਰਾਣੀ ਵਾਸੀ ਮਕਾਨ ਨੰਬਰ-10, ਗਲੀ ਨੰਬਰ-2, ਵਾਰਡ ਨੰਬਰ-12 ਕਮਲ ਕਾਲੋਨੀ ਦੀ ਸ਼ਿਕਾਇਤ ‘ਤੇ ਉਸ ਦੀ ਨੂੰਹ ਸੰਗੀਤਾ ਰਾਣੀ ਵਰਮਾ ਖਿਲਾਫ ਥਾਣਾ ਸਮਰਾਲਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਰਮਾ ਕੋਠੀ ਨੰਬਰ 1747-ਏ, ਫੇਜ਼-10 ਸੈਕਟਰ-64 ਮੋਹਾਲੀ ਵਿਖੇ ਰਹਿੰਦੀ ਹੈ।
ਇਸ ਮਾਮਲੇ ‘ਚ ਮੁਲਜ਼ਮ ਨੂੰਹ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਉਸ ਨੂੰ ਜ਼ਿਲ੍ਹਾ ਸੈਸ਼ਨ ਅਦਾਲਤ ਵਲੋਂ ਜ਼ਮਾਨਤ ਨਹੀਂ ਮਿਲੀ। ਸੰਗੀਤਾ ਰਾਣੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਜੱਜ ਨੇ ਜੁਰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਕਥਿਤ ਦੋਸ਼ੀ ਔਰਤ ਨੂੰ ਜੇਲ੍ਹ ਵੀ ਭੁਗਤਣੀ ਪੈ ਸਕਦੀ ਹੈ ਕਿਉਂਕਿ ਮੌਜੂਦਾ ਸਮੇਂ ਵਿਚ ਮਾਣਯੋਗ ਹਾਈ ਕੋਰਟ ਤੋਂ ਵੀ ਜਲਦੀ ਜ਼ਮਾਨਤ ਕਰਵਾਉਣਾ ਉਸ ਲਈ ਆਸਾਨ ਨਹੀਂ ਹੈ।
ਦੂਜੇ ਪਾਸੇ ਸ਼ਿਕਾਇਤਕਰਤਾ ਅੰਮ੍ਰਿਤ ਰਾਣੀ ਨੇ ਦੱਸਿਆ ਕਿ ਉਹ 2009 ‘ਚ ਅਮਰੀਕਾ ਚਲੀ ਗਈ ਸੀ। ਉਹ ਆਪਣੇ ਬੇਟੇ ਦਲੀਪ ਕੁਮਾਰ ਦੀ ਬੀਮਾਰੀ ਕਾਰਨ 13 ਸਾਲਾਂ ਬਾਅਦ 2022 ਵਿਚ ਭਾਰਤ ਪਰਤੀ। ਕਾਫੀ ਇਲਾਜ ਤੋਂ ਬਾਅਦ ਵੀ ਉਹ ਆਪਣੇ ਬੇਟੇ ਨੂੰ ਨਹੀਂ ਬਚਾ ਸਕੀ। ਉਸ ਦੇ ਪੁੱਤਰ ਦਲੀਪ ਦੀ 8 ਅਪ੍ਰੈਲ 2023 ਨੂੰ ਮੌਤ ਹੋ ਗਈ ਸੀ। ਪੁੱਤਰ ਦੀ ਮੌਤ ਤੋਂ ਬਾਅਦ ਉਸ ਦੀ ਨੂੰਹ ਸੰਗੀਤਾ ਰਾਣੀ ਨੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਸ਼ਿਕਾਇਤਕਰਤਾ ਅੰਮ੍ਰਿਤ ਰਾਣੀ ਅਨੁਸਾਰ 7 ਨਵੰਬਰ 2023 ਨੂੰ ਸੰਗੀਤਾ ਨੇ ਕਿਸੇ ਤਰ੍ਹਾਂ ਉਸ ਦੇ ਖਾਤੇ ਵਿਚੋਂ 12 ਲੱਖ 33 ਹਜ਼ਾਰ ਰੁਪਏ ਦਲੀਪ ਕੁਮਾਰ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਇਹ ਰਕਮ ਵੱਖ-ਵੱਖ ਖਾਤਿਆਂ ‘ਚ ਟਰਾਂਸਫਰ ਕੀਤੀ ਗਈ। ਉਸ ਦੇ ਖਾਤੇ ਵਿਚ ਸਿਰਫ਼ 6 ਹਜ਼ਾਰ ਰੁਪਏ ਹੀ ਬਚੇ ਸਨ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਸੰਗੀਤਾ ਦੀ ਭਾਲ ਜਾਰੀ ਹੈ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜਿਨ੍ਹਾਂ ਦੇ ਨਾਂ ਸਾਹਮਣੇ ਆਉਣਗੇ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।