#PUNJAB

ਨਕੋਦਰ ਬੇਅਦਬੀ ਕਾਂਡ: ਸ਼ਹੀਦ ਨੌਜਵਾਨਾਂ ਦੇ ਮਾਪਿਆਂ ਵੱਲੋਂ ਮੁੱਖ ਮੰਤਰੀ ਨੂੰ ਪੱਤਰ

ਜਲੰਧਰ, 11 ਦਸੰਬਰ (ਪੰਜਾਬ ਮੇਲ)- ਨਕੋਦਰ ਬੇਅਦਬੀ ਕਾਂਡ ਵਿਚ ਸ਼ਹੀਦ ਹੋਏ ਚਾਰ ਨੌਜਵਾਨਾਂ ਦੇ ਮਾਮਲੇ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨਾਲ ਜੋੜਦਿਆ ਪੀੜਤ ਮਾਪਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫਰਵਰੀ ਵਿਚ ਇਸ ਨਕੋਦਰ ਸਾਕੇ ਨੂੰ 39 ਸਾਲ ਬੀਤ ਜਾਣਗੇ ਪਰ ਹਾਲੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਬਾਪੂ ਬਲਦੇਵ ਸਿੰਘ ਨੇ ਮੁੱਖ ਮੰਤਰੀ ਨੂੰ ਈਮੇਲ ਰਾਹੀਂ ਪਾਏ ਪੱਤਰ ਵਿਚ ਕਿਹਾ ਹੈ ਕਿ 4 ਫਰਵਰੀ 2025 ਨੂੰ ਇਸ ਕਤਲੇਆਮ ਦਾ 39ਵਾਂ ਸ਼ਹੀਦੀ ਦਿਵਸ ਨੇੜੇ ਆ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਸਰਕਾਰ ਆਪਣੇ ਵਾਅਦਿਆਂ ਦਾ ਸਨਮਾਨ ਕਰੇ ਅਤੇ ਇਸ ਘੋਰ ਬੇਇਨਸਾਫ਼ੀ ਨੂੰ ਦੂਰ ਕਰਨ ਲਈ ਨਿਰਣਾਇਕ ਕਦਮ ਚੁੱਕੇ। ਉਨ੍ਹਾਂ ਦੱਸਿਆ ਕਿ ਸਾਕਾ ਨਕੋਦਰ ਕਤਲੇਆਮ ਦੌਰਾਨ ਚਾਰ ਨਿਹੱਥੇ ਸਿੱਖ ਵਿਦਿਆਰਥੀਆਂ ਰਵਿੰਦਰ ਸਿੰਘ, ਹਰਮਿੰਦਰ ਸਿੰਘ, ਝਿਲਮਣ ਸਿੰਘ ਅਤੇ ਬਲਧੀਰ ਸਿੰਘ ‘ਤੇ ਪੰਜਾਬ ਪੁਲੀਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਸੀ।