ਟੋਰਾਂਟੋ, 10 ਦਸੰਬਰ (ਪੰਜਾਬ ਮੇਲ)- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕਿਊਬਿਕ ਸੂਬੇ ਦੇ ਸ਼ਹਿਰ ਲਵਾਲ ਦੀ ਅਦਾਲਤ ਨੇ ਕੈਨੇਡਾ ਦੇ ਨਕਲੀ ਪੀ.ਆਰ. (ਪਰਮਾਮੈਂਟ ਰੈਜੀਡੈਂਟ) ਕਾਰਡ ਤੇ ਨਕਲੀ Driving ਲਾਇਸੈਂਸ ਸਮਗਲਿੰਗ ਕਰਨ ਦੇ ਦੋਸ਼ ਵਿਚ 30 ਸਾਲਾ ਜੋਂਗਹੁਨ ਲੀ ਨੂੰ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੂੰ ਚੀਨ ਤੋਂ ਕੋਰੀਅਰ ਰਾਹੀਂ ਆਇਆ ਇਕ ਪਾਰਸਲ ਮਿਲਿਆ ਸੀ, ਜਿਸ ਤੋਂ ਬਾਅਦ ਅਧਿਕਾਰੀ ਸਰਚ ਵਾਰੰਟ ਲੈ ਕੇ ਪਾਰਸਲ ‘ਤੇ ਲਿਖੇ ਪਤੇ ‘ਤੇ ਪਹੁੰਚੇ।
ਅਧਿਕਾਰੀਆਂ ਨੇ ਪਤੇ ‘ਤੇ ਪਹੁੰਚ ਕੇ ਜੋਂਗਹੁਨ ਲੀ ਦੇ ਘਰ ਦੀ ਤਲਾਸ਼ੀ ਲਈ ਤਾਂ ਉੱਥੇ ਉਨ੍ਹਾਂ ਨੇ 509 ਕੈਨੇਡੀਅਨ ਪੀ.ਆਰ. ਦੇ ਨਕਲੀ ਕਾਰਡ, 506 ਨਕਲੀ ਡਰਾਈਵਿੰਗ ਲਾਈਸੈਂਸ, ਗ਼ਲਤ ਡਾਕੂਮੈਂਟ ਤਿਆਰ ਕਰਨ ਵਾਲਾ ਸਾਜੋ-ਸਾਮਾਨ, ਕੰਪਿਊਟਰ, ਸੈੱਲ ਫੋਨ, ਨਕਲੀ ਨੋਟ ਛਾਪਣ ਵਾਲੀ ਮਸ਼ੀਨ ਅਤੇ ਇਕ ਲੱਖ 40 ਹਜ਼ਾਰ ਡਾਲਰ ਦੇ ਨਕਲੀ ਨੋਟ ਬਰਾਮਦ ਕੀਤੇ। ਇਸ ਤੋਂ ਇਲਾਵਾ ਕੈਨੇਡੀਅਨ ਨਾਗਰਿਕਤਾ ਦੇ ਨਕਲੀ ਕਾਰਡ ਤੇ ਨਕਲੀ ਵਰਕ ਪਰਮਿਟ ਵੀ ਮਿਲੇ।