#Cricket #SPORTS

ਚੈਂਪੀਅਨਜ਼ ਟਰਾਫੀ 2025 ਨੂੰ ਲੈ ਕੇ ਆਈ.ਸੀ.ਸੀ. ਦੀ ਬੈਠਕ ਲਗਾਤਾਰ ਹੋ ਰਹੀ ਮੁਲਤਵੀ

– ਪਾਕਿਸਤਾਨ ਨੂੰ ਮਿਲੀ ਆਖਰੀ ‘ਚਿਤਾਵਨੀ’
ਲਾਹੌਰ, 5 ਦਸੰਬਰ (ਪੰਜਾਬ ਮੇਲ)- ਚੈਂਪੀਅਨਜ਼ ਟਰਾਫੀ 2025 ਨੂੰ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੀ ਬੈਠਕ ਲਗਾਤਾਰ ਮੁਲਤਵੀ ਕੀਤੀ ਜਾ ਰਹੀ ਹੈ। ਇਹ ਮੀਟਿੰਗ 5 ਦਸੰਬਰ ਨੂੰ ਹੋਣੀ ਸੀ ਪਰ ਇਕ ਵਾਰ ਫਿਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਮੀਟਿੰਗ 7 ਦਸੰਬਰ ਨੂੰ ਹੋਵੇਗੀ। ਯਾਨੀ ਇਸ ਦਿਨ ਇਹ ਤੈਅ ਹੋ ਜਾਵੇਗਾ ਕਿ ਚੈਂਪੀਅਨਜ਼ ਟਰਾਫੀ ਪਾਕਿਸਤਾਨ ‘ਚ ਹੋਵੇਗੀ ਜਾਂ ਨਹੀਂ। ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਤਹਿਤ ਵੀ ਕਰਵਾਇਆ ਜਾ ਸਕਦਾ ਹੈ। ਇਹ ਸਾਰੇ ਮਾਮਲੇ 7 ਦਸੰਬਰ ਨੂੰ ਹੀ ਸਾਫ਼ ਹੋ ਜਾਣਗੇ।
ਦਰਅਸਲ, ਆਈ.ਸੀ.ਸੀ. ਦੀ ਇਹ ਬੈਠਕ 5 ਦਸੰਬਰ ਨੂੰ ਥੋੜ੍ਹੇ ਸਮੇਂ ਲਈ ਹੀ ਚੱਲੀ ਸੀ। ਇਨ੍ਹਾਂ ਕੁਝ ਮਿੰਟਾਂ ਵਿਚ ਟੂਰਨਾਮੈਂਟ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਆਈ.ਸੀ.ਸੀ. ਮੈਂਬਰਾਂ ਨੇ ਮਹਿਸੂਸ ਕੀਤਾ ਕਿ ਟੂਰਨਾਮੈਂਟ ਦਾ ਸਮਾਂ ਲਗਾਤਾਰ ਮੁਲਤਵੀ ਹੋ ਰਿਹਾ ਹੈ। ਮਾਮਲਾ ਅੱਗੇ ਨਹੀਂ ਵਧ ਰਿਹਾ। ਅਜਿਹੇ ‘ਚ ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਆਖਰੀ ਚਿਤਾਵਨੀ ਦਿੱਤੀ ਹੈ।
ਆਈ.ਸੀ.ਸੀ. ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਕਿਸਤਾਨ ਕੋਲ ਹਾਈਬ੍ਰਿਡ ਮਾਡਲ ਨੂੰ ਸਵੀਕਾਰ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਯਾਨੀ ਪੀ.ਸੀ.ਬੀ. ਕੋਲ ਹੁਣ ਸਿਰਫ਼ ਇੱਕ ਵਿਕਲਪ ਬਚਿਆ ਹੈ, ਉਹ ਹੈ ਹਾਈਬ੍ਰਿਡ ਮਾਡਲ। ਆਈ.ਸੀ.ਸੀ. ਨੇ ਹੁਣ ਪੀ.ਸੀ.ਬੀ. ਨੂੰ ਅਗਲੀ ਮੀਟਿੰਗ ਵਿਚ ਆਪਣਾ ਅੰਤਿਮ ਫੈਸਲਾ ਲਿਆਉਣ ਲਈ ਕਿਹਾ ਹੈ।