#PUNJAB

ਚਾਹੇ ਸਿਹਤ ਖਰਾਬ ਹੋਵੇ, ਲੜਾਈ ਜਾਰੀ ਰਹੇਗੀ: ਡੱਲੇਵਾਲ

ਪਾਤੜਾਂ, 1 ਦਸੰਬਰ (ਪੰਜਾਬ ਮੇਲ)-  ਢਾਬੀ ਗੁਜਰਾਂ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਦੀ ਤਾਂ ਨਾ ਕਰੇ, ਇਸ ਮਾਮਲੇ ਵਿਚ ਘਬਰਾਉਣ ਦੀ ਕੋਈ ਲੋੜ ਨਹੀਂ, ਉਨ੍ਹਾਂ ਦੀ ਜਥੇਬੰਦੀ ਨੇ 18 ਤਰੀਕ ਦਾ ਪ੍ਰੋਗਰਾਮ ਦਿੱਤਾ ਸੀ ਕਿ ਜਥਿਆਂ ਦੇ ਰੂਪ ਵਿੱਚ ਦਿੱਲੀ ਜਾਵਾਂਗੇ ਤੇ ਪੈਦਲ ਜਾਵਾਂਗੇ। ਇਹ ਲੜਾਈ ਪੰਜਾਬ ਜਾਂ ਹਰਿਆਣੇ ਦੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਹੈ। ਕੁਝ ਸੂਬਿਆਂ ਦੇ ਆਗੂਆਂ ਨੇ ਕਿਹਾ ਸੀ ਕਿ ਪੰਜਾਬ ਵਾਲੇ ਇਕੱਲੇ ਤਿੰਨ ਕਾਨੂੰਨ ਵਾਪਸ ਕਰਵਾ ਕੇ ਚਲੇ ਗਏ ਜਦੋਂ ਕਿ ਐਮਐਸਪੀ ਦੀ ਲੜਾਈ ਉਦੋਂ ਤੋਂ ਹੀ ਚੱਲ ਰਹੀ ਹੈ। ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਕਮੇਟੀ ਬਣਾਉਣ ਦਾ ਵਿਸ਼ਵਾਸ ਦੇ ਕੇ ਮੋਰਚਾ ਚੁਕਵਾਇਆ ਸੀ ਪਰ ਅੱਜ ਫਸਵੀਂ ਲੜਾਈ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਉਨ੍ਹਾਂ ਦਾ ਵਜ਼ਨ ਘਟੇ, ਬੀਪੀ ਘਟੇ, ਕੋਈ ਪ੍ਰਵਾਹ ਨਹੀਂ, ਉਹ ਕਿਸਾਨੀ ਹਿੱਤਾਂ ਲਈ ਲੜ ਰਹੇ ਹਨ ਤੇ ਲੜਦੇ ਰਹਿਣਗੇ, ਮੋਰਚਾ ਚੱਲ ਰਿਹਾ ਤੇ ਚਲਦਾ ਰਹੇਗਾ। ਕਿਸਾਨੀ ਸ਼ਕਤੀ ਨੂੰ ਬਚਾ ਕੇ ਰੱਖਣਾ ਵੀ ਜ਼ਰੂਰੀ ਹੈ। ਸਰਕਾਰ ਇਸ ਮੋਰਚੇ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ ਪਰ ਅਜਿਹਾ ਨਹੀਂ ਹੋਵੇਗਾ। ਇੱਥੇ ਬੈਠੇ ਕਿਸਾਨ ਇਥੇ ਹੀ ਰਹਿਣਗੇ ਤੇ ਦਿੱਲੀ ਜਾਣ ਵਾਲੇ ਕਿਸਾਨਾਂ ਦੀ ਅਗਵਾਈ ਉਨ੍ਹਾਂ ਦੀ ਲੀਡਰਸ਼ਿਪ ਕਰੇਗੀ।