#OTHERS #SPORTS

ਜੂਨੀਅਰ ਏਸ਼ੀਆ ਹਾਕੀ ਕੱਪ ‘ਚ ਭਾਰਤ ਨੇ ਜਪਾਨ ਨੂੰ 3-2 ਨਾਲ ਹਰਾਇਆ

-ਪੁਰਸ਼ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਏ ‘ਚ ਲਗਾਤਾਰ ਦੂਜੀ ਜਿੱਤ
ਮਸਕਟ, 29 ਨਵੰਬਰ (ਪੰਜਾਬ ਮੇਲ)- ਸਾਬਕਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਪੁਰਸ਼ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਏ ਦੇ ਸਖ਼ਤ ਮੁਕਾਬਲੇ ਵਿਚ ਜਪਾਨ ‘ਤੇ 3-2 ਨਾਲ ਜਿੱਤ ਦਰਜ ਕੀਤੀ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ।
ਬੁੱਧਵਾਰ ਨੂੰ ਆਪਣੇ ਪਹਿਲੇ ਮੈਚ ਵਿਚ ਥਾਈਲੈਂਡ ਨੂੰ 11-0 ਨਾਲ ਹਰਾਉਣ ਵਾਲੇ ਭਾਰਤ ਲਈ ਥੋਕਚੋਮ ਕਿੰਗਸਨ ਸਿੰਘ ਨੇ 12ਵੇਂ ਮਿੰਟ, ਰੋਹਿਤ ਨੇ 36ਵੇਂ ਮਿੰਟ ਅਤੇ ਅਰੀਜੀਤ ਸਿੰਘ ਹੁੰਦਲ ਨੇ 39ਵੇਂ ਮਿੰਟ ‘ਚ ਗੋਲ ਕੀਤੇ।
ਜਪਾਨ ਤਰਫ਼ੋਂ ਦੋਵੇਂ ਗੋਲ ਨਿਯੋ ਸਾਤੋ ਨੇ 15ਵੇਂ ਅਤੇ 38ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਕੀਤੇ। ਭਾਰਤ ਦਾ ਅਗਲਾ ਮੁਕਾਬਲਾ ਸ਼ਨਿੱਚਰਵਾਰ ਨੂੰ ਚੀਨੀ ਤਾਇਪੇ ਨਾਲ ਹੋਵੇਗਾ।