ਨਵੀਂ ਦਿੱਲੀ, 27 ਨਵੰਬਰ (ਪੰਜਾਬ ਮੇਲ)-ਇਥੋਂ ਦੀ ਅਦਾਲਤ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਗਵਾਹ ਵਜੋਂ ਤਲਬ ਕੀਤਾ ਹੈ। ਇਹ ਮਾਮਲਾ 1984 ‘ਚ ਇਥੇ ਗੁਰਦੁਆਰਾ ਪੁਲ ਬੰਗਸ਼ ‘ਚ ਤਿੰਨ ਸਿੱਖਾਂ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ। ਵਿਸ਼ੇਸ਼ ਸੀ.ਬੀ.ਆਈ. ਜੱਜ ਜਿਤੇਂਦਰ ਸਿੰਘ ਜੋ ਇਕ ਹੋਰ ਗਵਾਹ ਮਨਮੋਹਨ ਕੌਰ ਦਾ ਬਿਆਨ ਦਰਜ ਕਰਨ ਵਾਲੇ ਸਨ, ਨੂੰ ਸੰਘੀ ਜਾਂਚ ਏਜੰਸੀ ਨੇ ਸੂਚਿਤ ਕੀਤਾ ਕਿ ਸੰਮਨ ਉਨ੍ਹਾਂ ਦੇ ਪਤੇ ‘ਤੇ ਨਹੀਂ ਭੇਜਿਆ ਜਾ ਸਕਿਆ। ਸੀ. ਬੀ. ਆਈ. ਨੇ ਮਨਮੋਹਨ ਕੌਰ ਨੂੰ ਦੁਬਾਰਾ ਸੰਮਨ ਭੇਜਣ ਲਈ ਸਮਾਂ ਮੰਗਿਆ। ਅਦਾਲਤ ਨੇ ਇਸ ਦੀ ਇਜਾਜ਼ਤ ਦੇ ਦਿੱਤੀ। ਇਸ ਮਗਰੋਂ ਅਦਾਲਤ ਨੇ ਸਾਬਕਾ ਪੁਲਿਸ ਅਧਿਕਾਰੀਆਂ ਧਰਮ ਚੰਦਰਸ਼ੇਖਰ ਅਤੇ ਰਵੀ ਸ਼ਰਮਾ ਨੂੰ ਸੰਮਨ ਜਾਰੀ ਕੀਤੇ ਅਤੇ ਉਨ੍ਹਾਂ ਨੂੰ ਸੁਣਵਾਈ ਦੀ ਅਗਲੀ ਤਰੀਕ 2 ਦਸੰਬਰ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਟਾਈਟਲਰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਸਾਹਮਣੇ ਪੇਸ਼ ਹੋਇਆ।