#PUNJAB

ਪੰਜਾਬ ਭਰ ‘ਚ ਸ਼ੂਗਰ ਦੀ ਬਿਮਾਰੀ ਵੱਡੀ ਸਿਹਤ ਸਮੱਸਿਆ ਵਜੋਂ ਉਭਰੀ

-15 ਫ਼ੀਸਦੀ ਪੰਜਾਬੀ ਬਿਮਾਰੀ ਤੋਂ ਨੇ ਪੀੜਤ
ਸ੍ਰੀ ਮੁਕਤਸਰ ਸਾਹਿਬ, 27 ਨਵੰਬਰ (ਪੰਜਾਬ ਮੇਲ)- ਪੰਜਾਬ ਭਰ ‘ਚ ਸ਼ੂਗਰ ਦੀ ਬਿਮਾਰੀ ਇਕ ਵੱਡੀ ਸਿਹਤ ਸਮੱਸਿਆ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ। ਇਸ ਦਾ ਮੁੱਖ ਕਾਰਨ ਜਿਥੇ ਜੈਨੇਟਿਕਸ ਜੀਨਸ ਹਨ, ਉੱਥੇ ਪਿਛਲੇ ਸਮੇਂ ਦੌਰਾਨ ਲੋਕਾਂ ਦਾ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਬਦਲਿਆ ਢੰਗ-ਤਰੀਕਾ ਹੈ। ਸ਼ੂਗਰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਾਣ ਵਾਲੀ ਬਿਮਾਰੀ ਹੈ। ਪੰਜਾਬ ਵਿਚ ਪਿਛਲੇ ਦੋ ਦਹਾਕਿਆਂ ਤੋਂ ਇਹ ਬਿਮਾਰੀ ਵਧ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਦੁਨੀਆਂ ਭਰ ਵਿਚ ਕਰੋੜਾਂ ਲੋਕ ਸ਼ੂਗਰ ਦੀ ਸਮੱਸਿਆ ਤੋਂ ਪੀੜਤ ਹਨ। ਸ਼ੂਗਰ ਇਕ ਅਜਿਹੀ ਬਿਮਾਰੀ ਹੈ, ਜਿਸ ਨੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਵੀ ਆਪਣੇ ਘੇਰੇ ਵਿਚ ਲਿਆ ਹੋਇਆ ਹੈ।
ਕੌਮੀ ਪਰਿਵਾਰ ਸਿਹਤ ਸਰਵੇਖਣ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਲਗਪਗ 15 ਫ਼ੀਸਦੀ ਪੰਜਾਬੀ ਸ਼ੂਗਰ ਦੀ ਬਿਮਾਰੀ ਤੋਂ ਇਸ ਵੇਲੇ ਪੀੜਤ ਹਨ ਤੇ ਦਵਾਈਆਂ ਦੇ ਸਹਾਰੇ ਆਪਣੀ ਜ਼ਿੰਦਗੀ ਦੀ ਗੱਡੀ ਰੇੜ ਰਹੇ ਹਨ। ਚੰਡੀਗੜ੍ਹੀਆਂ ਵਿਚੋਂ 19 ਫ਼ੀਸਦੀ ਔਰਤਾਂ ਅਤੇ ਪੰਜਾਬ ਦੀਆਂ 16.6 ਫ਼ੀਸਦੀ ਔਰਤਾਂ ਸ਼ੱਕਰ ਰੋਗ ਦਾ ਕਸ਼ਟ ਭੋਗ ਰਹੀਆਂ ਹਨ। ਇੰਟਰਨੈਸ਼ਨਲ ਡਾਇਬਟੀਜ਼ ਫੈੱਡਰੇਸ਼ਨ ਨੇ ਪੰਜਾਬੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਾਲੇ ਵੀ ਸੁਚੇਤ ਨਾ ਹੋਏ ਤਾਂ ਸਖ਼ਤ ਨਤੀਜੇ ਭੁਗਤਣੇ ਪੈ ਸਕਦੇ ਹਨ। ਤਣਾਅ ਸ਼ੂਗਰ ਦਾ ਪੱਧਰ ਉੱਪਰ ਲੈ ਜਾਂਦਾ ਹੈ। ਸ਼ੱਕਰ ਰੋਗ ਦੀ ਬਿਮਾਰੀ ਨੂੰ ਸੈਰ, ਕਸਰਤ ਜਾਂ ਖਾਣ-ਪੀਣ ‘ਤੇ ਕਾਬੂ ਰੱਖਣ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਅਨੁਸਾਰ ਵਿਸ਼ਵ ਵਿਚ 42.2 ਕਰੋੜ ਲੋਕ ਸ਼ੂਗਰ ਤੋਂ ਪੀੜਤ ਹਨ। ਹਰ ਸਾਲ 16 ਲੱਖ ਲੋਕ ਸ਼ੂਗਰ ਕਾਰਨ ਮਰਦੇ ਹਨ। ਅੰਕੜਿਆਂ ਅਨੁਸਾਰ ਜਣੇਪੇ ਦੀ ਉਮਰ ਦੀਆਂ ਲਗਪਗ 6 ਕਰੋੜ ਅਜਿਹੀਆਂ ਔਰਤਾਂ ਹਨ ਜੋ ਸ਼ੂਗਰ ਤੋਂ ਪੀੜਤ ਹਨ। ਸ਼ੂਗਰ ਦੇ ਮਰੀਜ਼ ਦਿਲ ਦੇ ਰੋਗਾਂ ਦਾ ਸ਼ਿਕਾਰ ਹੁੰਦੇ ਹਨ।