ਜਲੰਧਰ, 22 ਨਵੰਬਰ (ਪੰਜਾਬ ਮੇਲ)- ਬੀਤੇ ਕਰੀਬ 2 ਸਾਲਾਂ ਤੋਂ ਲਟਕੀਆਂ ਹੋਈਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤੀ ਚੋਣਾਂ ਦਾ ਰਾਹ ਆਖ਼ਿਰਕਾਰ ਸਾਫ਼ ਹੋ ਗਿਆ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਇਹ ਚੋਣਾਂ ਦਸੰਬਰ ਮਹੀਨੇ ਦੇ ਅੰਤ ‘ਚ ਕਰਵਾਈਆਂ ਜਾਣਗੀਆਂ। ਪੰਜਾਬ ਦੇ 5 ਨਗਰ-ਨਿਗਮ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਫਗਵਾੜਾ ‘ਚ ਚੋਣਾਂ ਕਰਵਾਈਆਂ ਜਾਣਗੀਆਂ, ਜਦਕਿ ਬਠਿੰਡਾ, ਬਟਾਲਾ, ਹੁਸ਼ਿਆਰਪੁਰ ਤੇ ਅਬੋਹਰ ਨਿਗਮਾਂ ‘ਚ ਜੋ ਸੀਟਾਂ ਕਿਸੇ ਵਜ੍ਹਾ ਕਾਰਨ ਖਾਲੀ ਹੋ ਗਈਆਂ ਸਨ, ਉਨ੍ਹਾਂ ‘ਚ ਵੀ ਇਸ ਦੇ ਨਾਲ ਹੀ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਹੁਸ਼ਿਆਰਪੁਰ ‘ਚ 3, ਜਦਕਿ ਬਾਕੀਆਂ ‘ਚ 1-1 ਸੀਟ ‘ਤੇ ਵੋਟਾਂ ਪੈਣਗੀਆਂ।
ਹਾਲਾਂਕਿ ਜਾਰੀ ਕੀਤੇ ਗਏ ਨੋਟੀਫਿਕੇਸ਼ਨ ‘ਚ ਉਨ੍ਹਾਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ, ਜਿਨ੍ਹਾਂ ਤਰੀਕਾਂ ਨੂੰ ਪੋਲਿੰਗ ਹੋਣੀ ਹੈ, ਪਰ ਇੰਨਾ ਜ਼ਰੂਰ ਸਾਫ਼ ਕਰ ਦਿੱਤਾ ਗਿਆ ਹੈ ਕਿ ਦਸੰਬਰ ਮਹੀਨੇ ਦੇ ਅਖ਼ੀਰ ‘ਚ ਇਹ ਚੋਣਾਂ ਕਰਵਾਈਆਂ ਜਾਣਗੀਆਂ।
ਇਸ ਦੇ ਨਾਲ ਹੀ ਵੱਖਰੇ ਤੌਰ ‘ਤੇ ਜਾਰੀ ਨੋਟੀਫਿਕੇਸ਼ਨ ‘ਚ ਪੰਜਾਬ ਦੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੀ ਚੋਣਾ ਦਾ ਐਲਾਨ ਕੀਤਾ ਗਿਆ ਹੈ। ਇਹ ਵੀ ਦਸੰਬਰ ਦੇ ਅਖੀਰ ‘ਚ ਕਰਵਾਉਣ ਦੀ ਗੱਲ ਆਖੀ ਗਈ ਹੈ।
ਜ਼ਿਕਰਯੋਗ ਹੈ ਕਿ ਦਸੰਬਰ ਦੇ ਅਖੀਰ ‘ਚ ਇਹ ਚੋਣਾਂ ਕਰਵਾਉਣ ਦੀ ਗੱਲ ਤਾਂ ਆਖ਼ੀ ਗਈ ਹੈ, ਪਰ ਦਸੰਬਰ ਦੇ ਆਖ਼ਰੀ ਹਫ਼ਤੇ ਜਿੱਥੇ 25 ਦਸੰਬਰ ਨੂੰ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾਣਾ ਹੈ, ਉੱਥੇ ਹੀ ਆਖ਼ਰੀ ਹਫ਼ਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾਂਦਾ ਹੈ, ਜਿਸ ਕਾਰਨ ਆਖ਼ਰੀ ਹਫ਼ਤੇ ‘ਚ ਚੋਣਾਂ ਨਾ ਹੋਣ। ਇਹ ਚੋਣਾਂ 25 ਦਸੰਬਰ ਤੋਂ ਪਹਿਲਾਂ ਹੀ ਮੁਕੰਮਲ ਕਰਵਾ ਲਈਆਂ ਜਾਣ।