ਅਟਲਾਂਟਾ, 22 ਨਵੰਬਰ (ਪੰਜਾਬ ਮੇਲ)- ਸੁਨਹਿਰੀ ਭਵਿੱਖ ਲਈ ਅਮਰੀਕਾ ਗਏ ਭਾਰਤੀ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ 23 ਸਾਲਾ ਭਾਰਤੀ ਵਿਦਿਆਰਥੀ ਦੀ ਆਪਣੀ ਹੀ ਬੰਦੂਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤੇਲੰਗਾਨਾ ਦੇ ਹੈਦਰਾਬਾਦ ਦਾ ਰਹਿਣ ਵਾਲਾ ਆਰੀਅਨ ਰੈੱਡੀ 13 ਨਵੰਬਰ ਨੂੰ ਜੋਰਜੀਆ ਦੇ ਅਟਲਾਂਟਾ ਵਿਚ ਆਪਣੇ ਘਰ ਵਿਚ ਦੋਸਤਾਂ ਨਾਲ ਆਪਣਾ ਜਨਮਦਿਨ ਮਨਾ ਰਿਹਾ ਸੀ।
ਅਧਿਕਾਰੀਆਂ ਮੁਤਾਬਕ ਜਨਮਦਿਨ ਦੇ ਜਸ਼ਨ ਦੌਰਾਨ ਆਰੀਅਨ, ਹਾਲ ਹੀ ਵਿਚ ਸ਼ਿਕਾਰ ਕਰਨ ਲਈ ਲਿਆਂਦੀ ਬੰਦੂਕ ਨੂੰ ਸਾਫ਼ ਕਰ ਰਿਹਾ ਸੀ ਪਰ ਗਲਤੀ ਨਾਲ ਗੋਲੀ ਚੱਲ ਗਈ, ਜੋ ਉਸ ਦੀ ਛਾਤੀ ਵਿਚ ਜਾ ਲੱਗੀ। ਉਸ ਦੇ ਦੋਸਤ, ਜੋ ਫਲੈਟ ਦੇ ਦੂਜੇ ਕਮਰੇ ਵਿਚ ਸਨ, ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਅਤੇ ਉਹ ਆਰੀਅਨ ਦੇ ਕਮਰੇ ਵਿਚ ਗਏ ਅਤੇ ਦੇਖਿਆ ਕਿ ਉਹ ਖੂਨ ਨਾਲ ਲੱਥਪੱਥ ਪਿਆ ਹੋਇਆ ਸੀ। ਉਹ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਰੈੱਡੀ ਕੰਸਾਸ ਸਟੇਟ ਯੂਨੀਵਰਸਿਟੀ, ਅਟਲਾਂਟਾ ਵਿਚ ਇੱਕ ਵਿਦਿਆਰਥੀ ਸੀ ਅਤੇ ਵਿਗਿਆਨ ਵਿਚ ਮਾਸਟਰ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦਾ ਪਰਿਵਾਰ ਤੇਲੰਗਾਨਾ ਦੇ ਉੱਪਲ ਜ਼ਿਲ੍ਹੇ ਵਿਚ ਰਹਿੰਦਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਅੱਜ ਰਾਤ ਆਰੀਅਨ ਦੀ ਲਾਸ਼ ਉਸਦੇ ਜੱਦੀ ਸ਼ਹਿਰ ਭੇਜ ਦਿੱਤੀ ਜਾਵੇਗੀ।