#AMERICA

ਅਮਰੀਕਾ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ‘ਚ ਭਾਰਤ ਦੇ ਅਮਨ ਟੋਨੀ ਨੇ ਜਿੱਤੇ 3 ਗੋਲਡ ਮੈਡਲ

ਲਾਸ ਵੇਗਸ, 20 ਨਵੰਬਰ (ਭਾਗ ਸਿੰਘ ਸੰਧੂ/ਪੰਜਾਬ ਮੇਲ)- ਲਾਸ ਵੇਗਸ, ਅਮਰੀਕਾ ਵਿਖੇ ਦੁਨੀਆਂ ਦੀ ਨੰਬਰ ਇਕ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਹੋਈ, ਜਿਸ ਵਿਚ ਵੱਖ-ਵੱਖ ਦੇਸ਼ਾਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ। ਇੰਡੀਆ ਦੇ ਹਰਵਿੰਦਰ ਸਿੰਘ ਸਲੀਨਾ (ਏਸ਼ੀਆ ਪ੍ਰਧਾਨ ਆਈ.ਬੀ.ਐੱਫ.) ਅਤੇ ਪ੍ਰਧਾਨ ਸਟਰੌਂਗਮੈਨ ਨੇ ਦੱਸਿਆ ਕਿ ਉਹ ਚੈਂਪੀਅਨਸ਼ਿਪ ਵਿਚ ਆਪਣੀ ਟੀਮ ਲੈ ਕੇ ਪਹੁੰਚੇ ਸੀ। ਇੰਡੀਆ ਤੋਂ ਪੰਜਾਬ ਦੇ ਅਬੋਹਰ ਸ਼ਹਿਰ ਦੇ ਅਮਨ ਪ੍ਰਕਾਸ਼ ਟੋਨੀ ਨੇ 90 ਕਿਲੋ ਭਾਰ ਵਰਗ ਵਿਚ ਮਾਸਟਰ ‘ਚ ਹਿੱਸਾ ਲਿਆ ਅਤੇ 3 ਗੋਲਡ ਮੈਡਲ ਲੈ ਕੇ ਅਮਰੀਕਾ ਵਿਚ ਇਤਿਹਾਸ ਸਿਰਜ ਦਿੱਤਾ ਅਤੇ 2025 ਓਲੰਪਿਕ ਵਿਚ ਕਵਾਲੀਫਾਈ ਕੀਤਾ। ਹਰਵਿੰਦਰ ਸਿੰਘ ਸਲੀਨਾ ਨੇ ਕਿਹਾ ਕਿ ਖੇਡਾਂ ਮਨੁੱਖ ਦਾ ਅੰਗ ਹਨ ਅਤੇ ਖੇਡਾਂ ਵਿਚ ਪੰਜਾਬੀਆਂ ਦੀ ਖਾਸ ਪਹਿਚਾਣ ਹੈ। ਪੰਜਾਬੀਆਂ ਨੇ ਖੇਡ ਜਗਤ ਵਿਚ ਵੱਡੇ ਮੁਕਾਮ ਹਾਸਲ ਕਰਕੇ ਦੁਨੀਆਂ ਭਰ ਵਿਚ ਆਪਣਾ ਨਾਮ ਚਮਕਾਇਆ ਹੈ ਅਤੇ ਹੁਣ ਵੀ ਪੰਜਾਬ ਦੇ ਨੌਜਵਾਨ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਵੱਲੋਂ ਅਮਰੀਕਾ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ 3 ਤਮਗੇ ਜਿੱਤਣਾ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ।