#INDIA

ਵਿਜੇ ਮਾਲਿਆ ਤੇ ਨੀਰਵ ਮੋਦੀ ਦੀ ਜਲਦ ਭਾਰਤ ਵਾਪਸੀ ਦੀ ਸੰਭਾਵਨਾ!

– ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟਿਸ਼ ਪੀ.ਐੱਮ. ਨਾਲ ਕੀਤੀ ਮੁਲਾਕਾਤ
– ਪ੍ਰਵਾਸ ਅਤੇ ਹਵਾਲਗੀ ਪ੍ਰਕਿਰਿਆਵਾਂ ਵਿਚ ਤੇਜ਼ੀ ਲਿਆਉਣ ‘ਤੇ ਸਹਿਮਤੀ
ਨਵੀਂ ਦਿੱਲੀ, 20 ਨਵੰਬਰ (ਪੰਜਾਬ ਮੇਲ)- ਬ੍ਰਾਜ਼ੀਲ ‘ਚ ਆਯੋਜਿਤ ਜੀ-20 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬ੍ਰਿਟਿਸ਼ ਹਮਰੁਤਬਾ ਕੀਰ ਸਟਾਰਮਰ ਨਾਲ ਆਪਣੀ ਪਹਿਲੀ ਮੁਲਾਕਾਤ ਬ੍ਰਿਟੇਨ ਤੋਂ ਭਗੌੜੇ ਭਾਰਤੀ ਕਾਰੋਬਾਰੀਆਂ ਵਿਜੇ ਮਾਲਿਆ ਅਤੇ ਨੀਰਵ ਮੋਦੀ ਦੀ ਹਵਾਲਗੀ ਦੀ ਮੰਗ ਕੀਤੀ ਅਤੇ ਬ੍ਰਿਟੇਨ ਵਿਚ ਭਾਰਤ ਦੇ ਆਰਥਿਕ ਅਪਰਾਧੀਆਂ ਦੇ ਮੁੱਦੇ ਨੂੰ ਸੁਲਝਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਹ ਪਹਿਲੀ ਵਾਰ ਸੀ, ਜਦੋਂ ਦੋਹਾਂ ਨੇਤਾਵਾਂ ਨੇ ਇਸ ਮੁੱਦੇ ‘ਤੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਨੀਰਵ ਮੋਦੀ ਅਤੇ ਵਿਜੇ ਮਾਲਿਆ ਵਰਗੇ ਭਗੌੜਿਆਂ ਖਿਲਾਫ ਸਖਤ ਕਾਰਵਾਈ ਦੀ ਜ਼ਰੂਰਤ ‘ਤੇ ਸਹਿਮਤੀ ਪ੍ਰਗਟਾਈ।
ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨਾਲ ਗੱਲ ਕਰਦੇ ਹੋਏ ਨੀਰਵ ਮੋਦੀ ਅਤੇ ਵਿਜੇ ਮਾਲਿਆ ਵਰਗੇ ਭਗੌੜਿਆਂ ਦੀ ਭਾਰਤ ਵਾਪਸੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਜ਼ਰੂਰਤ ਜ਼ਾਹਰ ਕੀਤੀ। ਦੋਵੇਂ ਨੇਤਾ ਇਸ ਗੱਲ ‘ਤੇ ਸਹਿਮਤ ਹੋਏ ਕਿ ਪ੍ਰਵਾਸ ਅਤੇ ਹਵਾਲਗੀ ਨਾਲ ਜੁੜੇ ਮਾਮਲਿਆਂ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ। ਇਸ ਸਬੰਧੀ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ‘ਤੇ ਵੀ ਗੱਲਬਾਤ ਹੋਈ।
ਇੱਥੇ ਦੱਸ ਦੇਈਏ ਕਿ ਮਾਰਚ 2016 ਤੋਂ ਬ੍ਰਿਟੇਨ ਵਿਚ ਰਹਿ ਰਹੇ ਅਤੇ ਭਾਰਤ ਹਵਾਲਗੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਵਿਜੇ ਮਾਲਿਆ, ਉਸ ਦੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ ਨਾਲ ਸਬੰਧਤ 9,000 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਕਰਜ਼ ਡਿਫਾਲਟ ਕੇਸ ਵਿਚ ਮੁਲਜ਼ਮ ਹੈ। ਉਥੇ ਹੀ ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਪਿਛਲੇ 5 ਸਾਲਾਂ ਤੋਂ ਲੰਡਨ ਦੀ ਜੇਲ੍ਹ ਵਿਚ ਬੰਦ ਹੈ। ਉਹ ਭਾਰਤ ਵਿਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਆਪਣੀ ਹਵਾਲਗੀ ਦੀ ਲੜਾਈ ਹਾਰ ਚੁੱਕਾ ਹੈ।