* ਲੁੱਕਆਊਟ ਨੋਟਿਸ ਜਾਰੀ ਕਰਕੇ ਹਵਾਈ ਅੱਡਿਆਂ ਨੂੰ ਸੂਚਿਤ ਕੀਤਾ
ਚੰਡੀਗੜ੍ਹ, 20 ਅਪ੍ਰੈਲ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਬਰਖਾਸਤ ਕੀਤੇ ਗਏ ਪੀ.ਪੀ.ਐੱਸ. ਅਧਿਕਾਰੀ ਰਾਜਜੀਤ ਸਿੰਘ ਹੁੰਦਲ ਦੁਆਲੇ ਕਾਨੂੰਨੀ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਬਰਖਾਸਤਗੀ ਤੋਂ ਬਾਅਦ ਬੁੱਧਵਾਰ ਨੂੰ ਵਿਸ਼ੇਸ਼ ਟਾਸਕ ਫੋਰਸ ਨੇ ਐੱਨ.ਡੀ.ਪੀ.ਐੱਸ. ਐਕਟ ਅਤੇ ਆਈ.ਪੀ.ਸੀ. ਦੀਆਂ ਸਖ਼ਤ ਧਾਰਾਵਾਂ ਤਹਿਤ ਨਸ਼ਾ ਤਸਕਰੀ ਨਾਲ ਸਬੰਧਤ 2017 ਵਿਚ ਦਰਜ ਕੀਤੇ ਮਾਮਲੇ ਵਿਚ ਰਾਜਜੀਤ ਨੂੰ ਨਾਮਜ਼ਦ ਕਰ ਲਿਆ ਹੈ।
ਸੂਤਰਾਂ ਮੁਤਾਬਕ ਰਾਜਜੀਤ ਸਿੰਘ ਵਿਰੁੱਧ ਧਾਰਾ 120 ਬੀ, 218 ਅਤੇ 384 ਸਮੇਤ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 59 ਅਤੇ 39 ਵੀ ਲਾਈਆਂ ਗਈਆਂ ਹਨ। ਇਨ੍ਹਾਂ ਧਾਰਾਵਾਂ ‘ਚ ਪੁਲਿਸ ਅਧਿਕਾਰੀ ਵੱਲੋਂ ਮੁੱਢਲੇ ਤੌਰ ‘ਤੇ ਫਿਰੌਤੀ ਲੈਣ ਅਤੇ ਅਪਰਾਧੀਆਂ ਨੂੰ ਸਜ਼ਾ ਤੋਂ ਬਚਾਉਣ ਵਿਚ ਸਹਿਯੋਗ ਕਰਨ ਦੇ ਦੋਸ਼ ਹਨ। ਇਸੇ ਤਰ੍ਹਾਂ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ ਕਿਸੇ ਪੁਲਿਸ ਅਫ਼ਸਰ ‘ਤੇ ਉਦੋਂ ਲਾਈ ਜਾਂਦੀ ਹੈ, ਜਦੋਂ ਮਿਲੀਭੁਗਤ ਦੇ ਦੋਸ਼ ਲੱਗਦੇ ਹਨ। ਇਹ ਧਾਰਾਵਾਂ ਸੇਵਾਮੁਕਤ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਆਪਣੀਆਂ ਰਿਪੋਰਟਾਂ ਵਿਚ ਉਠਾਏ ਗਏ ਨੁਕਤਿਆਂ ਦੇ ਆਧਾਰ ‘ਤੇ ਲਾਈਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰਾਜਜੀਤ ਨੂੰ ਹਾਲ ਦੀ ਘੜੀ ਨਾਮਜ਼ਦ ਕਰ ਲਿਆ ਹੈ ਅਤੇ ਅਗਲੀ ਤਫ਼ਤੀਸ਼ ਤੋਂ ਬਾਅਦ ਜੇਕਰ ਕੋਈ ਹੋਰ ਦੋਸ਼ ਸਾਹਮਣੇ ਆਉਂਦਾ ਹੈ, ਤਾਂ ਉਸ ਵਿਚ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਰਾਜਜੀਤ ਸਿੰਘ ਨੂੰ ਐੱਸ.ਟੀ.ਐੱਫ. ਦੇ ਤਤਕਾਲੀ ਮੁਖੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਐੱਸ.ਟੀ.ਐੱਫ. ਦੇ ਥਾਣੇ ਵਿਚ ਇੰਸਪੈਕਟਰ (ਬਰਖਾਸਤ) ਇੰਦਰਜੀਤ ਸਿੰਘ ਵਿਰੁੱਧ ਨਸ਼ਿਆਂ ਦੀ ਤਸਕਰੀ ਦੇ ਦਰਜ ਮਾਮਲੇ ਵਿਚ ਹੀ ਨਾਮਜ਼ਦ ਕੀਤਾ ਗਿਆ ਹੈ। ਇਹ ਬਰਖਾਸਤ ਇੰਸਪੈਕਟਰ ਹੁਣ ਤੱਕ ਜੇਲ੍ਹ ਵਿਚ ਹੀ ਬੰਦ ਹੈ।
ਉਧਰ ਸੂਤਰਾਂ ਅਨੁਸਾਰ ਗ੍ਰਿਫਤਾਰੀ ਦੇ ਡਰੋਂ ਰਾਜਜੀਤ ਸਿੰਘ ਰੂਪੋਸ਼ ਹੋ ਗਿਆ ਹੈ। ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਮੁਤਾਬਕ ਰਾਜਜੀਤ ਖ਼ਿਲਾਫ਼ ਲੁੱਕ ਆਊਟ ਕਾਰਨਰ (ਐੱਲ.ਓ.ਸੀ.) ਨੋਟਿਸ ਜਾਰੀ ਕਰਕੇ ਦੇਸ਼ ਦੇ ਸਮੁੱਚੇ ਹਵਾਈ ਅੱਡਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਰਾਜਜੀਤ ਦੇ ਵਿਦੇਸ਼ ਜਾਣ ਦਾ ਵੀ ਖ਼ਦਸ਼ਾ ਹੈ। ਸਿਟ ਵੱਲੋਂ ਸਾਲ 2018 ‘ਚ ਹਾਈ ਕੋਰਟ ਨੂੰ ਸੌਂਪੀਆਂ ਗਈਆਂ ਰਿਪੋਰਟਾਂ ਵਿਚ ਜਾਂਚ ਦਾ ਆਧਾਰ ਇੰਸਪੈਕਟਰ (ਬਰਖਾਸਤ) ਇੰਦਰਜੀਤ ਸਿੰਘ ਨੂੰ ਬਣਾ ਕੇ ਰਾਜਜੀਤ ਸਿੰਘ ਹੁੰਦਲ ਨੂੰ ਪੂਰੀ ਤਰ੍ਹਾਂ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਹੈ। ਇਹ ਗੱਲ ਵੀ ਸਪੱਸ਼ਟ ਤੌਰ ‘ਤੇ ਕਹੀ ਗਈ ਕਿ ਇੰਦਰਜੀਤ ਸਿੰਘ ਦੀ ਤਾਇਨਾਤੀ ਰਾਜਜੀਤ ਸਿੰਘ ਵੱਲੋਂ ਉਸੇ ਜ਼ਿਲ੍ਹੇ ਵਿਚ ਕਰਵਾਈ ਜਾਂਦੀ ਸੀ, ਜਿੱਥੇ ਉਹ ਖੁਦ ਐੱਸ.ਐੱਸ.ਪੀ. ਵਜੋਂ ਤਾਇਨਾਤ ਹੁੰਦਾ ਸੀ। ਇਥੋਂ ਤੱਕ ਕਿ ਇੰਦਰਜੀਤ ਦੀ ਤਰੱਕੀ ਲਈ ਵੀ ਸ਼ਿਫਾਰਿਸ਼ਾਂ ਕੀਤੀਆਂ ਗਈਆਂ, ਜੋ ਡੂੰਘੇ ਸਵਾਲ ਖੜ੍ਹੇ ਕਰਦੀਆਂ ਹਨ।
ਇੰਦਰਜੀਤ ਨੂੰ ਬਚਾਉਣ ਵਾਲਿਆਂ ਦੀ ਭੂਮਿਕਾ ਘੋਖਣ ਦੇ ਹੁਕਮ
ਪੰਜਾਬ ਸਰਕਾਰ ਨੇ ਡਰੱਗ ਮਾਫ਼ੀਆ-ਪੁਲਿਸ ਗੱਠਜੋੜ ਤੋਂ ਪਰਦਾ ਚੁੱਕਣ ਲਈ ਵਿੱਢੀ ਜਾਂਚ ਦੇ ਘੇਰੇ ਨੂੰ ਹੋਰ ਮੋਕਲਾ ਕਰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੂੰ ਉਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਘੋਖਣ ਲਈ ਆਖ ਦਿੱਤਾ ਹੈ, ਜਿਨ੍ਹਾਂ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਮਦਦ ਕੀਤੀ ਸੀ। ਸਰਕਾਰ ਨੇ ਹੁਕਮਾਂ ਵਿਚ ਸਾਫ਼ ਕਰ ਦਿੱਤਾ ਕਿ ਪੁਲਿਸ ਅਧਿਕਾਰੀ ਕਿੰਨੇ ਵੀ ਉੱਚੇ ਅਹੁਦੇ ‘ਤੇ ਹੋਵੇ, ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ। ਡੀ. ਜੀ. ਪੀ. ਯਾਦਵ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਏ. ਡੀ. ਜੀ. ਪੀ. ਆਰ. ਕੇ. ਜੈਸਵਾਲ ਦੀ ਡਿਊਟੀ ਲਾਈ ਹੈ।
ਗ੍ਰਹਿ ਵਿਭਾਗ ਦੇ ਵਿਸ਼ੇਸ਼ ਸਕੱਤਰ ਰਾਹੀਂ ਜਾਰੀ ਹੁਕਮਾਂ ਵਿਚ ਡੀ. ਜੀ. ਪੀ. ਨੂੰ ਕਿਹਾ ਗਿਆ ਹੈ ਕਿ ਉਹ ਇੰਸਪੈਕਟਰ (ਬਰਖਾਸਤ) ਇੰਦਰਜੀਤ ਖਿਲਾਫ਼ 12 ਜੂਨ 2017 ਨੂੰ ਤਤਕਾਲੀਨ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਵਿਸ਼ੇਸ਼ ਟਾਸਕ ਫੋਰਸ ਵੱਲੋਂ ਦਰਜ ਐੱਫ. ਆਈ. ਆਰ. ਵਿਚ ਏ. ਆਈ. ਜੀ. ਰਾਜਜੀਤ ਸਿੰਘ ਨੂੰ ਨਾਮਜ਼ਦ ਕਰਨ। ਡੀ.ਜੀ.ਪੀ. ਨੂੰ ਮੋਹਾਲੀ ਦੇ ਐੱਸ. ਟੀ. ਐੱਫ. ਪੁਲਿਸ ਸਟੇਸ਼ਨ ਵਿਚ ਦਰਜ ਐੱਫ. ਆਈ. ਆਰ. ਦੀ ਜਾਂਚ ਲਈ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਦੀ ਡਿਊਟੀ ਲਾਉਣ ਲਈ ਵੀ ਕਿਹਾ ਗਿਆ ਹੈ। ਉਂਜ ਤਫ਼ਤੀਸ਼ ਦੌਰਾਨ ਵਿਸ਼ੇਸ਼ ਜਾਂਚ ਟੀਮ ਦੀਆਂ ਤਿੰਨੋਂ ਰਿਪੋਰਟਾਂ ਨੂੰ ਜ਼ਿਹਨ ‘ਚ ਰੱਖਿਆ ਜਾਵੇਗਾ। ਤਫ਼ਤੀਸ਼ੀ ਅਧਿਕਾਰੀਆਂ ਨੂੰ ਜਾਂਚ ਦਾ ਅਮਲ ਨਿਬੇੜ ਕੇ ਇਕ ਮਹੀਨੇ ‘ਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।