* ਟਰੰਪ ਪ੍ਰਸ਼ਾਸਨ ਦੀ ਪ੍ਰਸਤਾਵਿਤ ”ਸਮੂਹਿਕ ਦੇਸ਼ ਨਿਕਾਲਾ” ਯੋਜਨਾ ਦੀ ਪੁਸ਼ਟੀ
ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਆਮ ਚੋਣਾਂ ‘ਚ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਜਿੱਤਣ ਉਪਰੰਤ ਬਿਨਾਂ ਦਸਤਾਵੇਜ਼ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਦਾ ਭਵਿੱਖ ਅੱਧ ਵਿਚਾਲੇ ਲਟਕ ਗਿਆ ਹੈ। ਉਨ੍ਹਾਂ ਉਪਰ ਦੇਸ਼ ਨਿਕਾਲੇ ਦੀ ਤਲਵਾਰ ਲਟਕੀ ਹੋਈ ਹੈ। ਇਨ੍ਹਾਂ ਪ੍ਰਵਾਸੀਆਂ ‘ਚ ਲੱਖਾਂ ਭਾਰਤੀ ਵੀ ਸ਼ਾਮਲ ਹਨ। ਕਿਸੇ ਵੇਲੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਰਹੇ ਟਰੰਪ ਦੇ ਸਮਰਥਕ ਵਿਵੇਕ ਰਾਮਾਸਵਾਮੀ ਨੇ ਟਰੰਪ ਪ੍ਰਸ਼ਾਸਨ ਦੀ ਪ੍ਰਸਤਾਵਿਤ ਸਮੂਹਿਕ ਦੇਸ਼ ਨਿਕਾਲੇ ਦੀ ਯੋਜਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਯੋਜਨਾ ਪ੍ਰਤੀ ਬਹੁਤ ਸਾਰੇ ਅਮਰੀਕੀਆਂ ਨੇ ਵਿਵਹਾਰਕ ਪ੍ਰਤੀਕ੍ਰਿਆ ਪ੍ਰਗਟਾਈ ਹੈ ਤੇ ਇਸ ਦਾ ਸਮਰਥਨ ਕੀਤਾ ਹੈ। ਏ.ਬੀ.ਸੀ. ਦੇ ਪ੍ਰਤੀਨਿੱਧ ਜੋਨਾਥਨ ਕਾਰਲ ਨਾਲ ਗੱਲਬਾਤ ਕਰਦਿਆਂ ਰਾਮਾਸਵਾਮੀ ਨੇ ਦਲੀਲ ਦਿੱਤੀ ਕਿ ਸਭ ਤੋਂ ਪਹਿਲਾਂ ਬਿਨਾਂ ਦਸਤਾਵੇਜ਼ ਅਮਰੀਕਾ ‘ਚ ਰਹਿ ਰਹੇ ਅਪਰਾਧਕ ਰਿਕਾਰਡ ਵਾਲੇ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਸਭ ਤੋਂ ਵੱਡਾ ਇਤਿਹਾਸਕ ਸਮੂਹਿਕ ਦੇਸ਼ ਨਿਕਾਲਾ ਹੋਵੇਗਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਟਰੰਪ ਦਾ ਦੇਸ਼ ਨਿਕਾਲੇ ਦਾ ਟੀਚਾ 1 ਕਰੋੜ ਤੋਂ 2 ਕਰੋੜ ਤੱਕ ਦਾ ਹੈ, ਤਾਂ ਹਾਲਾਂਕਿ ਰਾਮਾਸਵਾਮੀ ਨੇ ਪ੍ਰਵਾਸੀਆਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਪਰੰਤੂ ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨਾਂ ਦਸਤਾਵੇਜ਼ ਨਵੇਂ ਆਏ ਪ੍ਰਵਾਸੀਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ ਹੈ। ਰਾਮਾਸਵਾਮੀ ਨੇ ਬਿਨਾਂ ਦਸਤਾਵੇਜ਼ ਪ੍ਰਵਾਸੀਆਂ ਲਈ ਸੰਘੀ ਵਿੱਤੀ ਸਹਾਇਤਾ ਖਤਮ ਕਰਨ ਦੀ ਪ੍ਰਸਤਾਵਿਤ ਯੋਜਨਾ ਦੀ ਵੀ ਪੁਸ਼ਟੀ ਕੀਤੀ ਤੇ ਕਿਹਾ ਕਿ ਸਰਕਾਰੀ ਸਹਾਇਤਾ ਦੀ ਅਣਹੋਂਦ ਵਿਚ ਲੱਖਾਂ ਪ੍ਰਵਾਸੀ ਖੁਦ ਹੀ ਦੇਸ਼ ਛੱਡ ਕੇ ਜਾਣ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਯੋਜਨਾ ਪਹਿਲਾਂ ਇਥੇ ਰਹਿ ਰਹੇ ਅਮਰੀਕੀਆਂ ਦੀ ਕਦਰ ਕਰਦੀ ਹੈ ਤੇ ਸੁਝਾਅ ਦਿੱਤਾ ਕਿ ਯੋਜਨਾ ਹੋਰ ਲੋਕਾਂ ਤੱਕ ਵੀ ਵਧਾਈ ਜਾ ਸਕਦੀ ਹੈ।