#AMERICA

ਮਸਕ ਨੇ 7 ਦਿਨਾਂ ‘ਚ ਟਰੰਪ ਦੀ ਦੌਲਤ ਤੋਂ 10 ਗੁਣਾ ਵਧ ਦੌਲਤ ਕਮਾਈ

ਵਾਸ਼ਿੰਗਟਨ ਡੀ.ਸੀ., 13 ਨਵੰਬਰ (ਪੰਜਾਬ ਮੇਲ)- ਟਰੰਪ ਦੀ ਜਿੱਤ ਤੋਂ ਪਹਿਲਾਂ ਮਸਕ ਦੀ ਕੁੱਲ ਸੰਪਤੀ 262 ਅਰਬ ਡਾਲਰ ਸੀ, ਜੋ ਮੰਗਲਵਾਰ ਨੂੰ ਵਧ ਕੇ 313.6 ਅਰਬ ਡਾਲਰ ਹੋ ਗਈ।
ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਦੀ ਜਿੱਤ ਲਈ ਆਪਣਾ ਸਭ ਕੁਝ ਦੇਣ ਵਾਲੇ ਟੇਸਲਾ ਅਤੇ ਐਕਸ ਦੇ ਸੀ.ਈ.ਓ. ਐਲੋਨ ਮਸਕ ਨੇ ਸਿਰਫ ਸੱਤ ਦਿਨਾਂ ਵਿਚ ਟਰੰਪ ਦੀ ਕੁੱਲ ਦੌਲਤ ਤੋਂ ਲਗਭਗ 10 ਗੁਣਾ ਵੱਧ ਕਮਾਈ ਕੀਤੀ। ਟਰੰਪ ਦੀ ਜਿੱਤ ਤੋਂ ਪਹਿਲਾਂ ਮਸਕ ਦੀ ਕੁੱਲ ਸੰਪਤੀ 262 ਅਰਬ ਡਾਲਰ ਯਾਨੀ 22.11 ਲੱਖ ਕਰੋੜ ਰੁਪਏ ਸੀ, ਜੋ ਮੰਗਲਵਾਰ ਨੂੰ ਵਧ ਕੇ 313.6 ਅਰਬ ਡਾਲਰ ਹੋ ਗਈ। ਟਰੰਪ ਦੀ ਜਾਇਦਾਦ ਲਗਭਗ 5.6 ਅਰਬ ਡਾਲਰ  ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ 6 ਨਵੰਬਰ ਨੂੰ ਆਏ ਸਨ।
ਫੋਰਬਸ ਰੀਅਲ-ਟਾਈਮ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ, ਮਸਕ ਦੀ ਸੰਪਤੀ 313.6 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਟਰੰਪ ਦੀ ਜਿੱਤ ਤੋਂ ਬਾਅਦ ਮਸਕ ਦੀ ਈ.ਵੀ. ਕੰਪਨੀ ਟੇਸਲਾ ਦੇ ਸ਼ੇਅਰਾਂ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਟੇਸਲਾ ਦੇ ਸਟਾਕ ‘ਚ 39 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਕੰਪਨੀ ਦੀ ਮਾਰਕੀਟ ਕੈਪ ਇਕ ਟ੍ਰਿਲੀਅਨ ਡਾਲਰ ਯਾਨੀ 84.39 ਲੱਖ ਕਰੋੜ ਰੁਪਏ ਵਧ ਗਈ ਹੈ।
ਮਸਕ ਨੇ ਟਰੰਪ ਲਈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਪੂਰੀ ਵਰਤੋਂ ਕੀਤੀ। ਉਸਨੇ ਸੱਜੇ ਪਾਸੇ ਝੁਕਣ ਵਾਲੇ ਵੋਟਰਾਂ ਨੂੰ ਰਜਿਸਟਰ ਕਰਨ ਲਈ ਸਵਿੰਗ ਸਟੇਟ ਕਾਰਜਾਂ ਨੂੰ ਫੰਡ ਦਿੱਤਾ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਹ ਹੁਣ ਟਰੰਪ ਦੀ ਜਿੱਤ ਵਿਚ ਕੀਤੇ ਗਏ ਨਿਵੇਸ਼ ਦਾ ਪੂਰਾ ਫਾਇਦਾ ਉਠਾਉਣਾ ਚਾਹੁੰਦਾ ਹੈ।