#AMERICA

ਡੋਨਲਡ ਟਰੰਪ ਹੋਣਗੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ

– ਜਨਵਰੀ 2025 ‘ਚ ਸੰਭਾਲਣਗੇ ਅਮਰੀਕਾ ਦੀ ਸੱਤਾ
– 277 ਇਲੈਕਟੋਰਲ ਵੋਟਾਂ ਕੀਤੀਆਂ ਹਾਸਲ
– ਕਮਲਾ ਹੈਰਿਸ ਨੂੰ ਮਿਲੀਆਂ 226 ਇਲੈਕਟੋਰਲ ਵੋਟਾਂ
ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਨੇ ਜਿੱਤ ਹਾਸਲ ਕਰ ਲਈ ਹੈ। ਹੁਣ ਉਹ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਅਤੇ ਜਨਵਰੀ 2025 ‘ਚ ਅਮਰੀਕਾ ਦੀ ਸੱਤਾ ਸੰਭਾਲਣਗੇ। ਟਰੰਪ ਨੂੰ 277 ਇਲੈਕਟੋਰਲ ਵੋਟਾਂ ਹਾਸਲ ਹੋਈਆਂ, ਜਦਕਿ ਕਮਲਾ ਹੈਰਿਸ ਨੂੰ 226 ਇਲੈਕਟੋਰਲ ਵੋਟਾਂ ਮਿਲੀਆਂ। ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ 2016 ਤੋਂ 2020 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ। ਪਿਛਲੀਆਂ ਚੋਣਾਂ ਵਿਚ ਉਹ ਜੋਅ ਬਾਇਡਨ ਤੋਂ ਹਾਰ ਗਏ ਸਨ।
ਚੋਣਾਂ ਦੌਰਾਨ ਪਹਿਲਾਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਇਹ ਮੁਕਾਬਲਾ ਬਹੁਤ ਸਖਤ ਰਹੇਗਾ ਅਤੇ ਫਿਰ ਵੀ ਕਮਲਾ ਹੈਰਿਸ ਦੇ ਜਿੱਤਣ ਦੀ ਉਮੀਦ ਬਣੀ ਹੋਈ ਸੀ। ਪਰ ਟਰੰਪ ਦੀ ਇਸ ਜਿੱਤ ਨੇ ਸਾਰੇ ਗਣਿਤ ਨੂੰ ਉਲਟਾ ਦਿੱਤਾ ਹੈ।
ਇਸ ਦੇ ਨਾਲ ਹੀ ਜੇ.ਡੀ. ਵੈਂਸ ਅਮਰੀਕਾ ਦੇ ਅਗਲੇ ਵਾਈਸ ਪ੍ਰੈਜ਼ੀਡੈਂਟ ਹੋਣਗੇ।
ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਕਮਲਾ ਹੈਰਿਸ ਆਪਣੇ ਵੋਟਰਾਂ ਦਾ ਧੰਨਵਾਦ ਕਰਨ ਲਈ ਨਹੀਂ ਆਈ, ਬਲਕਿ ਉਸ ਨੇ ਆਪਣੇ ਇਕ ਸਾਥੀ ਨੂੰ ਲੋਕਾਂ ਦਾ ਧੰਨਵਾਦ ਕਰਨ ਲਈ ਭੇਜਿਆ।
ਜਿੱਤ ਮਗਰੋਂ ਟਰੰਪ ਆਪਣੇ ਸਮਰਥਕਾਂ ਵਿਚਕਾਰ ਪਹੁੰਚੇ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਟਰੰਪ ਨੇ ਕਿਹਾ ਕਿ ਇਹ ਇਤਿਹਾਸ ਦਾ ਸਭ ਤੋਂ ਮਹਾਨ ਰਾਜਨੀਤਿਕ ਪਲ ਹੈ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਨੂੰ ਇਕ ਵਾਰ ਫਿਰ ਅਮਰੀਕਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਤੁਹਾਡੇ ‘ਤੇ ਬੜਾ ਮਾਣ ਹੈ। ਟਰੰਪ ਵੱਲੋਂ ਧੰਨਵਾਦ ਕਰਨ ਮੌਕੇ ਸਟੇਜ ‘ਤੇ ਪਤਨੀ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਹਾਜ਼ਰ ਸੀ।
ਟਰੰਪ ਤੋਂ ਬਾਅਦ ਨਵੇਂ ਬਣੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਵੀ ਸੰਖੇਪ ਧੰਨਵਾਦੀ ਭਾਸ਼ਨ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਅਦੁੱਤੀ ਅਤੇ ਇਤਿਹਾਸਕ ਹੈ। ਅਸੀਂ ਅਮਰੀਕਾ ਦੀ ਬਿਹਤਰੀ ਲਈ ਕੰਮ ਕਰਾਂਗੇ। ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਪਲ ਇਸ ਦੇਸ਼ ਨੂੰ ਫਿਰ ਤੋਂ ਮਜ਼ਬੂਤ ਕਰਨ ‘ਚ ਮਦਦ ਕਰਨਗੇ। ਫਲੋਰੀਡਾ ਦੇ ਵੈਸਟ ਪਾਮ ਬੀਚ ਕਨਵੈਨਸ਼ਨ ਸੈਂਟਰ ‘ਚ ਆਪਣੇ ਸੰਬੋਧਨ ‘ਚ ਟਰੰਪ ਨੇ ਕਿਹਾ, ‘ਮੈਂ ਹਰ ਰੋਜ਼ ਤੁਹਾਡੇ ਲਈ ਲੜਾਂਗਾ ਅਤੇ ਅਮਰੀਕਾ ਲਈ ਸੁਨਹਿਰੀ ਯੁੱਗ ਲਿਆਵਾਂਗਾ।’ ਫੈਸਲਾਕੁੰਨ ਬੜ੍ਹਤ ਤੋਂ ਬਾਅਦ ਟਰੰਪ ਨੇ ਫਲੋਰਿਡਾ ਵਿਚ ਸਮਰਥਕਾਂ ਨੂੰ ਕਿਹਾ ਕਿ ਮੈਂ ਤੁਹਾਡਾ 47ਵਾਂ ਰਾਸ਼ਟਰਪਤੀ ਹਾਂ। ਅਜਿਹੀ ਸਿਆਸੀ ਜਿੱਤ ਪਹਿਲਾਂ ਕਦੇ ਨਹੀਂ ਦੇਖੀ ਗਈ। ਟਰੰਪ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਇਸ ਨੂੰ ਅਮਰੀਕੀ ਲੋਕਾਂ ਦੀ ਵੱਡੀ ਜਿੱਤ ਦੱਸਿਆ। ਦਰਅਸਲ, 78 ਸਾਲਾ ਟਰੰਪ ਨੂੰ ਫਿਲਹਾਲ 277 ਇਲੈਕਟੋਰਲ ਕਾਲਜ ਵੋਟਾਂ ਮਿਲਣ ਦਾ ਅਨੁਮਾਨ ਹੈ।
ਟਰੰਪ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਠੀਕ ਕਰਨ ਅਤੇ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਕੰਮ ਕਰਾਂਗੇ। ਅਸੀਂ ਅੱਜ ਇਤਿਹਾਸ ਰਚਿਆ ਹੈ। ਅਸੀਂ ਸਭ ਤੋਂ ਅਦੁੱਤੀ ਸਿਆਸੀ ਜਿੱਤ ਹਾਸਲ ਕੀਤੀ ਹੈ। ਮੈਂ ਅਮਰੀਕੀ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਹਰ ਸਾਹ ਨਾਲ ਲੜਾਂਗਾ।
ਅਮਰੀਕਾ ਦੇ 50 ਰਾਜਾਂ ਦੀਆਂ 538 ਇਲੈਕਟੋਰਲ ਵੋਟਾਂ ਲਈ ਗਿਣਤੀ ਕੀਤੀ ਗਈ। ਰਾਸ਼ਟਰਪਤੀ ਚੋਣਾਂ ਦੇ ਨਾਲ-ਨਾਲ ਸੰਸਦੀ ਚੋਣਾਂ ਵਿਚ ਵੀ ਟਰੰਪ ਦੀ ਰਿਪਬਲੀਕਨ ਪਾਰਟੀ ਨੂੰ ਲੀਡ ਹਾਸਲ ਹੋਈ ਹੈ।
ਇਸ ਜਿੱਤ ਨਾਲ ਆਉਣ ਵਾਲੇ ਸਮੇਂ ਵਿਚ ਅਮਰੀਕਾ ਦੀਆਂ ਬਹੁਤ ਸਾਰੀਆਂ ਨੀਤੀਆਂ ‘ਚ ਬਦਲਾਅ ਦੇਖਣ ਨੂੰ ਮਿਲੇਗਾ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ‘ਤੇ ਵਿਦੇਸ਼ ਨੀਤੀ, ਇੰਮੀਗ੍ਰੇਸ਼ਨ, ਗਰਭਪਾਤ ਅਤੇ ਦੇਸ਼ ਦਾ ਅਰਥਚਾਰਾ ਸ਼ਾਮਲ ਹੈ।