#AMERICA

ਚੋਣਾਂ ਲਈ ਮਹੱਤਵਪੂਰਨ ਰਾਜ

ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਸੱਤ ਮਹੱਤਵਪੂਰਨ ਰਾਜਾਂ ਵਿਚੋਂ, ਪੈਨਸਿਲਵੇਨੀਆ 19 ਇਲੈਕਟੋਰਲ ਕਾਲਜ ਵੋਟਾਂ ਨਾਲ ਸਭ ਤੋਂ ਮਹੱਤਵਪੂਰਨ ਰਾਜ ਵਜੋਂ ਉੱਭਰਿਆ ਹੈ। ਇਸ ਤੋਂ ਬਾਅਦ ਉੱਤਰੀ ਕੈਰੋਲੀਨਾ ਅਤੇ ਜਾਰਜੀਆ ਵਿਚ 16-16, ਮਿਸ਼ੀਗਨ ਵਿਚ 15 ਅਤੇ ਐਰੀਜ਼ੋਨਾ ਵਿਚ 11 ਇਲੈਕਟੋਰਲ ਕਾਲਜ ਦੀਆਂ ਵੋਟਾਂ ਹਨ। ਹੋਰ ਮਹੱਤਵਪੂਰਨ ਰਾਜ 10 ਦੇ ਨਾਲ ਵਿਸਕਾਨਸਿਨ ਅਤੇ ਛੇ ਇਲੈਕਟੋਰਲ ਕਾਲਜ ਵੋਟਾਂ ਦੇ ਨਾਲ ਨੇਵਾਡਾ ਹਨ। ਅਮਰੀਕਾ ਵਿਚ 50 ਰਾਜ ਹਨ ਅਤੇ ਉਨ੍ਹਾਂ ਵਿਚੋਂ ਬਹੁਤੇ ‘ਸਵਿੰਗ’ ਰਾਜਾਂ ਨੂੰ ਛੱਡ ਕੇ ਹਰ ਚੋਣ ਵਿਚ ਇੱਕੋ ਪਾਰਟੀ ਨੂੰ ਵੋਟ ਦਿੰਦੇ ਰਹੇ ਹਨ। ਕਿਹਾ ਜਾਂਦਾ ਹੈ ਕਿ ਚੋਣਾਵੀ ਤੌਰ ‘ਤੇ ਮਹੱਤਵਪੂਰਨ ਮੰਨੇ ਜਾਂਦੇ ਇਨ੍ਹਾਂ ‘ਸਵਿੰਗ’ ਰਾਜਾਂ ਵਿਚ ਵੋਟਰਾਂ ਦਾ ਝੁਕਾਅ ਬਦਲਦਾ ਰਹਿੰਦਾ ਹੈ। ਇਲੈਕਟੋਰਲ ਕਾਲਜ ਦੀਆਂ ਵੋਟਾਂ ਆਬਾਦੀ ਦੇ ਆਧਾਰ ‘ਤੇ ਰਾਜਾਂ ਨੂੰ ਦਿੱਤੀਆਂ ਜਾਂਦੀਆਂ ਹਨ। ਕੁੱਲ 538 ਇਲੈਕਟੋਰਲ ਕਾਲਜ ਦੀਆਂ ਵੋਟਾਂ ਲਈ ਵੋਟਿੰਗ ਹੁੰਦੀ ਹੈ। ਜਿਸ ਉਮੀਦਵਾਰ ਨੂੰ 270 ਜਾਂ ਇਸ ਤੋਂ ਵੱਧ ਇਲੈਕਟੋਰਲ ਕਾਲਜ ਵੋਟਾਂ ਮਿਲਦੀਆਂ ਹਨ, ਉਸ ਨੂੰ ਚੋਣ ਦਾ ਜੇਤੂ ਐਲਾਨਿਆ ਜਾਂਦਾ ਹੈ। ਇਸ ਚੋਣ ਨੂੰ ਇਤਿਹਾਸਕ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਨੂੰ ਪਿਛਲੇ ਕਈ ਦਹਾਕਿਆਂ ‘ਚ ਸਭ ਤੋਂ ਸਖ਼ਤ ਮੁਕਾਬਲੇ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚੋਂ ਇੱਕ ਮੰਨਿਆ ਜਾ ਰਿਹਾ ਹੈ।