#AMERICA

ਯੂਬਾ ਸਿਟੀ ਦਾ 45ਵਾਂ ਸਾਲਾਨਾ ਨਗਰ ਕੀਰਤਨ ਕਾਮਯਾਬੀ ਨਾਲ ਸੰਪੂਰਨ

-ਡੇਢ ਲੱਖ ਦੇ ਕਰੀਬ ਸੰਗਤਾਂ ਨੇ ਨਗਰ ਕੀਰਤਨ ‘ਚ ਭਰੀ ਹਾਜ਼ਰੀ
ਯੂਬਾ ਸਿਟੀ, 6 ਨਵੰਬਰ (ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਨੂੰ ਸਮਰਪਿਤ ਯੂਬਾ ਸਿਟੀ ਦਾ 45ਵਾਂ ਸਾਲਾਨਾ ਨਗਰ ਕੀਰਤਨ ਕਾਮਯਾਬੀ ਨਾਲ ਸੰਪੂਰਨ ਹੋਇਆ। ਭਾਵੇਂ ਕਿ ਪਿਛਲੇ ਸਮੇਂ ਦੌਰਾਨ ਐੱਫ.ਬੀ.ਆਈ. ਵੱਲੋਂ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਇਸ ਵਾਰ ਨਗਰ ਕੀਰਤਨ ਵਿਚ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਪਰ ਇਸ ਨੂੰ ਅੱਖੋਂ-ਪਰੋਖੇ ਕਰਦਿਆਂ ਡੇਢ ਲੱਖ ਦੇ ਕਰੀਬ ਸੰਗਤਾਂ ਨੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ। ਨਗਰ ਕੀਰਤਨ ਦੌਰਾਨ ਸੁਰੱਖਿਆ ਦਸਤੇ ਕਾਫੀ ਚੌਕਸ ਦੇਖੇ ਗਏ। ਜਿੱਥੇ ਜ਼ਮੀਨੀ ਪੱਧਰ ‘ਤੇ ਸੁਰੱਖਿਆ ਅਧਿਕਾਰੀ ਆਪਣੀ ਡਿਊਟੀ ਨਿਭਾਅ ਰਹੇ ਸਨ, ਉਥੇ ਨਗਰ ਕੀਰਤਨ ‘ਚ ਸੁਰੱਖਿਆ ਦਸਤਿਆਂ ਵੱਲੋਂ ਹੈਲੀਕਾਪਟਰ ਰਾਹੀਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ।
ਭਾਵੇਂ ਕਿ ਮੁੱਖ ਸਮਾਗਮ 3 ਦਿਨਾਂ ਦਾ ਸੀ। ਪਰ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਲੰਮੇਂ ਸਮੇਂ ਤੋਂ ਧਾਰਮਿਕ ਸਮਾਗਮ ਚੱਲ ਰਹੇ ਸਨ। ਦੇਸ਼ਾਂ-ਵਿਦੇਸ਼ਾਂ ਤੋਂ ਕੀਰਤਨੀ ਜੱਥੇ, ਢਾਡੀ ਜੱਥੇ, ਕਵੀਸ਼ਰ, ਕਥਾਵਾਚਕ ਰੋਜ਼ਾਨਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਰਹੇ।
ਮੁੱਖ ਸਮਾਗਮ ਤਿੰਨ ਦਿਨ ਚੱਲੇ। ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਇਆ। ਰਾਤ ਨੂੰ ਆਤਿਸ਼ਬਾਜ਼ੀ ਦਾ ਆਯੋਜਨ ਕੀਤਾ ਗਿਆ। ਦੂਜੇ ਦਿਨ ਸ੍ਰੀ ਨਿਸ਼ਾਨ ਸਾਹਿਬ ਨੂੰ ਨਵੇਂ ਚੋਲੇ ਪਹਿਨਾਏ ਗਏ। ਇਸ ਦੌਰਾਨ ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਵੱਲੋਂ ਸਿੱਖੀ ‘ਤੇ ਇਕ ਸਿੰਪੋਜ਼ੀਅਮ ਵੀ ਕੀਤਾ ਗਿਆ।
ਤੀਜੇ ਦਿਨ ਸਵੇਰੇ ਅੰਮ੍ਰਿਤ ਸੰਚਾਰ ਹੋਇਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਾਏ। ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਇਸ ਵਿਸ਼ਾਲ ਨਗਰ ਕੀਰਤਨ ਨੇ ਚਾਲੇ ਪਾਏ। ਰਸਤੇ ਵਿਚ ਥਾਂ-ਥਾਂ ‘ਤੇ ਸੰਗਤਾਂ ਵੱਲੋਂ ਲੰਗਰ ਅਤੇ ਛਬੀਲਾਂ ਲਗਾਈਆਂ ਗਈਆਂ ਸਨ। ਬਹੁਤ ਸਾਰੇ ਫਲੋਟ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾ ਰਹੇ ਸਨ। ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਅੱਗੇ ਵੱਧ ਰਹੀਆਂ ਸਨ। ਸ਼ਾਮ ਨੂੰ ਨਗਰ ਕੀਰਤਨ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ। ਅਰਦਾਸ ਕਰਨ ਉਪਰੰਤ ਨਗਰ ਕੀਰਤਨ ਦੀ ਸਮਾਪਤੀ ਹੋਈ। ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਸੁੱਖੀ ਸਾਂਦੀ ਸਾਰਾ ਕਾਰਜ ਨੇਪਰੇ ਚੜ੍ਹਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪ੍ਰਿਤਪਾਲ ਸਿੰਘ, ਜੌਹਨ ਸਿੰਘ ਗਿੱਲ, ਹਰਬੰਸ ਸਿੰਘ ਪੰਮਾ, ਸੁਰਿੰਦਰਪਾਲ ਸਿੰਘ ਨਿੱਜਰ, ਅੰਮ੍ਰਿਤਪਾਲ ਸਿੰਘ ਨਿੱਜਰ, ਨਾਜਰ ਸਿੰਘ ਕੂਨਰ ਵੀ ਪਹੁੰਚੇ ਹੋਏ ਸਨ।
ਸਟਾਲਾਂ ਵਿਚ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ, ਉਥੇ ਸੱਭਿਆਚਾਰਕ ਸਮਾਨ ਦੇ ਸਟਾਲ ਵੀ ਲੱਗੇ ਹੋਏ ਸਨ।