#AMERICA

ਹੁਣ ਮੈਕਸੀਕੋ ਤੋਂ ਡੌਂਕੀ ਲਾ ਕੇ ਅਮਰੀਕਾ ਦਾ ਬਾਰਡਰ ਟੱਪਣ ‘ਤੇ ਲੱਗੀ ਪਾਬੰਦੀ

-ਬਾਰਡਰ ਟੱਪਣ ਦੀ ਕੋਸ਼ਿਸ਼ ਕਰਨ ‘ਤੇ ਹੋ ਰਹੀ ਹੈ ਗ੍ਰਿਫਤਾਰੀ
ਮੈਕਸੀਕੋ, 6 ਨਵੰਬਰ (ਪੰਜਾਬ ਮੇਲ)- ਮੈਕਸੀਕੋ ਦੇ ਰਾਸ਼ਟਰਪਤੀ ਐਂਡਰਿਸ ਮੈਨੂਅਲ ਲੋਪੇਜ਼ ਵੱਲੋਂ ਯੂ.ਐੱਸ. ਬਾਰਡਰ ਨੂੰ ਗੈਰ ਕਾਨੂੰਨੀ ਪਾਰ ਕਰਨ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਰਾਸ਼ਟਪਤੀ ਲੋਪੇਜ਼ ਅਨੁਸਾਰ ਹੁਣ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਮੈਕਸੀਕੋ ਦੀਆਂ ਜੇਲ੍ਹਾਂ ਵਿਚ ਭੇਜਿਆ ਜਾ ਰਿਹਾ ਹੈ। ਭਾਵੇਂ ਕਿ ਇਹ ਕਾਰਵਾਈ ਜਨਵਰੀ 2024 ਤੋਂ ਸ਼ੁਰੂ ਹੋ ਚੁੱਕੀ ਸੀ। ਪਰ ਹੁਣ ਇਸ ਨੂੰ ਬਾਕਾਇਦਾ ਸਖਤ ਤਰੀਕੇ ਨਾਲ ਅਮਲ ਵਿਚ ਲਿਆਇਆ ਜਾ ਰਿਹਾ ਹੈ। ਅਮਰੀਕਾ ਵੱਲ ਜਾ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ। ਫੜੇ ਜਾਣ ‘ਤੇ ਬਹੁਤੇ ਲੋਕਾਂ ਨੂੰ ਹਵਾਈ ਸਫਰ ਜਾਂ ਬੱਸਾਂ ਰਾਹੀਂ ਉਨ੍ਹਾਂ ਦੇ ਜੱਦੀ ਦੇਸ਼ਾਂ ਵਿਚ ਭੇਜਿਆ ਜਾ ਰਿਹਾ ਹੈ। 2023 ਤੱਕ ਮੈਕਸੀਕੋ ਸਰਕਾਰ ਦਾ ਇਹ ਕਹਿਣਾ ਸੀ ਕਿ ਉਨ੍ਹਾਂ ਕੋਲ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਲਈ ਲੋੜੀਂਦੇ ਸਰੋਤ ਨਹੀਂ ਹਨ ਅਤੇ ਹੁਣ ਅਚਾਨਕ ਉਨ੍ਹਾਂ ਨੇ ਇਸ ਕੰਮ ਲਈ ਵਾਧੂ ਭਰਤੀ ਕੀਤੀ ਹੈ।
2024 ਵਿਚ ਮੈਕਸੀਕਨ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫਤਾਰੀ ਵਿਚ ਭਾਰੀ ਵਾਧਾ ਕੀਤਾ ਹੈ, ਜੋ ਕਿ ਪਹਿਲਾਂ ਨਾਲੋਂ 6 ਗੁਣਾ ਦੱਸਿਆ ਜਾ ਰਿਹਾ ਹੈ। ਇਸ ਨਾਲ ਮੈਕਸੀਕੋ ਤੋਂ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਟੱਪ ਕੇ ਅਮਰੀਕਾ ਜਾਣ ਵਾਲਿਆਂ ਵਿਚ ਕਮੀ ਦੇਖਣ ਨੂੰ ਮਿਲੀ ਹੈ। ਇਕ ਅਨੁਮਾਨ ਅਨੁਸਾਰ ਮੈਕਸੀਕਨ ਬਾਰਡਰ ਪੈਟਰੋਲ ਵੱਲੋਂ ਹੁਣ ਹਰ ਮਹੀਨੇ ਲਗਭਗ 50 ਤੋਂ 60 ਹਜ਼ਾਰ ਗੈਰ ਪ੍ਰਵਾਸੀਆਂ ਨੂੰ ਫੜਿਆ ਜਾ ਰਿਹਾ ਹੈ। ਇਹ ਹਾਲੇ ਤੱਕ ਅਸਪੱਸ਼ਟ ਹੈ ਕਿ ਮੈਕਸੀਕੋ ਕਿੰਨੀ ਦੇਰ ਤੱਕ ਇਸ ਕਰੈਕਡਾਊਨ ਨੂੰ ਬਰਕਰਾਰ ਰੱਖ ਸਕਦਾ ਹੈ।