-ਨੈਸ਼ਨਲ ਸਾਈਬਰ ਥਰੈੱਟ ਅਸੈੱਸਮੈਂਟ 2025-2026 ਰਿਪੋਰਟ ਵਿਚ ਚੀਨ, ਰੂਸ, ਈਰਾਨ ਅਤੇ ਉੱਤਰੀ ਕੋਰੀਆ ਤੋਂ ਬਾਅਦ ਭਾਰਤ ਦਾ ਪੰਜਵਾਂ ਨਾਮ
ਓਟਵਾ, 4 ਨਵੰਬਰ (ਪੰਜਾਬ ਮੇਲ)- ਭਾਰਤ ਤੇ ਕੈਨੇਡਾ ਦਰਮਿਆਨ ਚੱਲ ਰਹੇ ਵਿਵਾਦ ਦੇ ਦਰਮਿਆਨ ਕੈਨੇਡਾ ਨੇ ਪਹਿਲੀ ਵਾਰ ਭਾਰਤ ਨੂੰ ਸਾਈਬਰ ਧਮਕੀ ਵਿਰੋਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਕੈਨੇਡਾ ਨੇ ਨਾਲ ਹੀ ਸੁਝਾਅ ਵੀ ਦਿੱਤਾ ਹੈ ਕਿ ਭਾਰਤ ਦੀ ਪੁਸ਼ਤਪਨਾਹੀ ਵਾਲੇ ਸਮਾਗਮਾਂ ਵਿਚ ਕੈਨੇਡਾ ਖ਼ਿਲਾਫ਼ ਜਾਸੂਸੀ ਕੀਤੀ ਜਾ ਰਹੀ ਹੈ। ਨੈਸ਼ਨਲ ਸਾਈਬਰ ਥਰੈੱਟ ਅਸੈਸਮੈਂਟ 2025-2026 (ਐੱਨ.ਸੀ.ਟੀ.ਏ. 2025-2026) ਰਿਪੋਰਟ ਵਿਚ ਚੀਨ, ਰੂਸ, ਈਰਾਨ ਅਤੇ ਉੱਤਰੀ ਕੋਰੀਆ ਤੋਂ ਬਾਅਦ ਭਾਰਤ ਦਾ ਨਾਮ ਪੰਜਵੇਂ ਨੰਬਰ ‘ਤੇ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ ਪੁਸ਼ਤਪਨਾਹੀ ਨਾਲ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਸੰਭਵ ਤੌਰ ‘ਤੇ ਕੈਨੇਡਾ ਸਰਕਾਰ ਦੀ ਜਾਸੂਸੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਦੇਸ਼ ਖ਼ਿਲਾਫ਼ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਐੱਨ.ਸੀ.ਟੀ.ਏ. 2025-2026 ਰਿਪੋਰਟ ਕੈਨੇਡਾ ਵਿਚ ਸਾਈਬਰ ਖਤਰਿਆਂ ਦਾ ਮੁਲਾਂਕਣ ਕਰਦੀ ਹੈ ਤੇ ਇਸ ਰਿਪੋਰਟ ਨੂੰ 30 ਅਕਤੂਬਰ ਨੂੰ ਕੈਨੇਡੀਅਨ ਸੈਂਟਰ ਫਾਰ ਸਾਈਬਰ ਸਕਿਓਰਿਟੀ (ਸਾਈਬਰ ਸੈਂਟਰ) ਵੱਲੋਂ ਜਾਰੀ ਕੀਤਾ ਗਿਆ ਸੀ। ਇਹ ਮੁਲਾਂਕਣ ਰਿਪੋਰਟ ਹਰ ਦੋ ਸਾਲ ਬਾਅਦ ਜਾਰੀ ਕੀਤੀ ਜਾਂਦੀ ਹੈ।