-11 ਨਾਮਜ਼ਦਗੀਆਂ ਹੋਈਆਂ ਦਾਖਲ
ਜਲੰਧਰ, 19 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ 11 ਨਾਮਜ਼ਦਗੀਆਂ ਦਾਖਲ ਹੋਈਆਂ, ਜਿਨ੍ਹਾਂ ਵਿਚ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜਦਕਿ ਕਾਂਗਰਸ ਦੇ ਕਰਮਜੀਤ ਕੌਰ ਚੌਧਰੀ ਅਤੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਫਾਰਮ ਪਹਿਲਾਂ ਹੀ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਜਪਾ ਵਲੋਂ ਇੰਦਰ ਇਕਬਾਲ ਸਿੰਘ, ਅਕਾਲੀ-ਬਸਪਾ ਗੱਠਜੋੜ ਵਲੋਂ ਡਾ. ਸੁਖਵਿੰਦਰ ਕੁਮਾਰ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਗੁਰਜੰਟ ਸਿੰਘ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਗੁਲਸ਼ਨ ਕੁਮਾਰ, ਮਨਜੀਤ ਸਿੰਘ, ਤੀਰਥ ਸਿੰਘ, ਰੋਹਿਤ ਕੁਮਾਰ ਆਦਿ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਜਲੰਧਰ ਜ਼ਿਮਨੀ ਚੋਣ ਲਈ ਤਿੰਨ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣ ਬਾਅਦ ਚੋਣ ਅਖਾੜਾ ਪੂਰੀ ਤਰ੍ਹਾਂ ਮਘ ਗਿਆ ਹੈ। ਇਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਸ਼ਾਮਿਲ ਹਨ।
ਜ਼ਿਲ੍ਹਾ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੱਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਜਲੰਧਰ ਨੇ ਪਹਿਲਾਂ ਕਾਂਗਰਸ ਤੇ ਫਿਰ ‘ਆਪ’ ਸਰਕਾਰ ਦੌਰਾਨ ਬਹੁਤ ਸੰਤਾਪ ਹੰਢਾਇਆ ਹੈ। ਦੋਵੇਂ ਸਰਕਾਰਾਂ ਕੇਂਦਰੀ ਸਕੀਮਾਂ ਦਾ ਲਾਭ ਲੈਣ ਅਤੇ ਜ਼ਿਲ੍ਹਾ ਹਸਪਤਾਲ ਨੂੰ ਮੈਡੀਕਲ ਕਾਲਜ ਵਿਚ ਤਬਦੀਲ ਕਰਨ ਵਿਚ ਨਾਕਾਮ ਰਹੀਆਂ ਹਨ। ਇਸ ਵੇਲੇ ਸ਼ਹਿਰੀ ਬੁਨਿਆਦੀ ਢਾਂਚਾ ਦਾ ਹਾਲ ਬਹੁਤ ਮਾੜਾ ਹੈ।
ਉਧਰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਜਲੰਧਰ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਉਮੀਦਵਾਰ ਦੇ ਹੱਕ ਵਿਚ ਗਾਂਧੀ ਵਨੀਤਾ ਆਸ਼ਰਮ ਵਿਚ ਚੋਣ ਰੈਲੀ ਕੀਤੀ ਗਈ। ਇਸ ਚੋਣ ਰੈਲੀ ਵਿਚ ਭਾਜਪਾ ਪੰਜਾਬ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਣੀ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਲੋਕ ਸਭਾ ਉਪ ਚੋਣ ਇੰਚਾਰਜ ਡਾ. ਮਹਿੰਦਰ ਸਿੰਘ, ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਨਾ ਸ਼ਾਮਲ ਹੋਏ। ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਹੀ ਜਨਤਾ ਨੂੰ ਝੂਠੇ ਵਾਅਦਿਆਂ ਦੀ ਸੱਚਾਈ ਪਤਾ ਲੱਗ ਗਈ ਸੀ, ਇਸ ਕਾਰਨ ਹੀ ‘ਆਪ’ ਨੂੰ ਸੰਗਰੂਰ ਲੋਕ ਸਭਾ ਸੀਟ ‘ਚ ਹਾਰ ਦਾ ਮੂੰਹ ਦੇਖਣਾ ਪਿਆ।