ਸਾਨ ਫਰਾਂਸਿਸਕੋ, 30 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਵਾਸ਼ਿੰਗਟਨ ਅਤੇ ਓਰੇਗਨ ਰਾਜਾਂ ਵਿਚ ਬੈਲਟ ਡਰਾਪ ਬਾਕਸਾਂ ਨੂੰ ਅੱਗ ਲੱਗਣ ਕਾਰਨ ਸੈਂਕੜੇ ਬੈਲਟ ਨਸ਼ਟ ਹੋ ਗਏ।
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਓਰੇਗਨ ਦੇ ਦੱਖਣ-ਪੂਰਬੀ ਪੋਰਟਲੈਂਡ ‘ਚ ਅਤੇ ਵਾਸ਼ਿੰਗਟਨ ਦੇ ਨੇੜੇ ਵੈਨਕੂਵਰ ‘ਚ ਇੱਕ-ਇੱਕ ਬੈਲਟ ਬਾਕਸ ਨੂੰ ਅੱਗ ਲੱਗ ਗਈ। ਪੁਲਿਸ ਨੇ ਦੱਸਿਆ ਕਿ ਪੋਰਟਲੈਂਡ ਵਿਚ ਇੱਕ ਬੈਲਟ ਬਾਕਸ ਵਿਚ ਸਵੇਰੇ ਲੱਗੀ ਅੱਗ ਨੂੰ ਜਲਦੀ ਹੀ ਬੁਝਾਅ ਲਿਆ ਗਿਆ। ਉਨ੍ਹਾਂ ਕਿਹਾ ਕਿ ਸਿਰਫ਼ 3 ਬੈਲਟ ਬਾਕਸਾਂ ਨੂੰ ਹੀ ਨੁਕਸਾਨ ਪੁੱਜਾ ਹੈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਵੈਨਕੂਵਰ ਵਿਚ ਅੱਗ ਲੱਗਣ ਕਾਰਨ ਸੈਂਕੜੇ ਬੈਲਟ ਪੇਪਰ ਨਸ਼ਟ ਹੋ ਗਏ। ਇਕ ਨਿਊਜ਼ ਏਜੰਸੀ ਮੁਤਾਬਕ ਉਨ੍ਹਾਂ ਨੇ ਇਸ ਘਟਨਾ ਨੂੰ ‘ਵੋਟਰਾਂ ਨੂੰ ਵੋਟਿੰਗ ਤੋਂ ਵਾਂਝਾ ਕਰਨ ਦੀ ਕੋਸ਼ਿਸ਼’ ਦੱਸਿਆ ਹੈ। ਪੋਰਟਲੈਂਡ ਪੁਲਿਸ ਬਿਊਰੋ ਨੇ ਇੱਕ ਬਿਆਨ ਵਿਚ ਕਿਹਾ ਕਿ ਪੋਰਟਲੈਂਡ ਵਿਚ ਅੱਗ ਲੱਗਣ ਦੀ ਘਟਨਾ ਦੇ ਬਾਅਦ ਉਥੋਂ ਨਿਕਲਦੇ ਹੋਏ ਦੇਖੇ ਗਏ ਇਕ ਸ਼ੱਕੀ ਵਾਹਨ ਦੀ ਪਛਾਣ ਕਰ ਲਈ ਗਈ ਹੈ, ਜਿਸ ਦੇ ਵੈਨਕੂਵਰ ਵਿਚ ਹੋਈਆਂ ਘਟਨਾਵਾਂ ਨਾਲ ਜੁੜੇ ਹੋਣ ਦਾ ਖ਼ਦਸ਼ਾ ਹੈ।