#INDIA

ਜਰਮਨੀ 90 ਹਜ਼ਾਰ ਹੁਨਰਮੰਦ ਪੇਸ਼ੇਵਰ ਭਾਰਤੀਆਂ ਨੂੰ ਦੇਵੇਗਾ ਵਰਕ ਵੀਜ਼ਾ!

ਨਵੀਂ ਦਿੱਲੀ, 26 ਅਕਤੂਬਰ (ਪੰਜਾਬ ਮੇਲ)- ਜਰਮਨੀ ਨੇ ਭਾਰਤ ਦੇ ਹੁਨਰਮੰਦ ਪੇਸ਼ੇਵਰਾਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ। ਜਰਮਨੀ ਹਰ ਸਾਲ ਸਿਰਫ 20 ਹਜ਼ਾਰ ਵੀਜ਼ੇ ਜਾਰੀ ਕਰਦਾ ਹੈ, ਜਿਸ ਨੂੰ ਹੁਣ ਵਧਾ ਕੇ 90 ਹਜ਼ਾਰ ਕਰ ਦਿੱਤਾ ਗਿਆ ਹੈ। ਜਰਮਨ ਸਰਕਾਰ ਦੇ ਇਸ ਫੈਸਲੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਆਰਥਿਕ ਅਤੇ ਪੇਸ਼ੇਵਰ ਸਬੰਧ ਬਣਾਉਣ ‘ਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਰਮਨ ਵਪਾਰ ਦੀ 18ਵੀਂ ਏਸ਼ੀਆ ਪੈਸੀਫਿਕ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਹ ਜਾਣਕਾਰੀ ਦਿੱਤੀ।
ਪੀ.ਐੱਮ. ਮੋਦੀ ਨੇ ਕਿਹਾ, ”ਅਸੀਂ ਆਉਣ ਵਾਲੇ 25 ਸਾਲਾਂ ਵਿਚ ਵਿਕਸਿਤ ਭਾਰਤ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਮਹੱਤਵਪੂਰਨ ਸਮੇਂ ‘ਤੇ, ਜਰਮਨੀ ਦੀ ਕੈਬਨਿਟ ਨੇ ‘ਫੋਕਸ ਆਨ ਇੰਡੀਆ’ ਦਸਤਾਵੇਜ਼ ਜਾਰੀ ਕੀਤਾ ਹੈ। ਜਰਮਨੀ ਨੇ ਭਾਰਤੀਆਂ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਵੀਜ਼ਾ ਸੰਖਿਆ 20,000 ਤੋਂ ਵਧਾ ਕੇ 90,000 ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਜਰਮਨੀ ਦੇ ਵਿਕਾਸ ਨੂੰ ਇੱਕ ਨਵਾਂ ਹੁਲਾਰਾ ਮਿਲੇਗਾ। ਜਰਮਨੀ ਦੇ ਇਸ ਫੈਸਲੇ ਤੋਂ ਬਾਅਦ ਇਸ ਯੂਰਪੀ ਦੇਸ਼ ਵਿਚ ਭਾਰਤੀਆਂ ਲਈ ਨੌਕਰੀਆਂ ਦੇ ਹੋਰ ਮੌਕੇ ਪੈਦਾ ਹੋਣਗੇ।