ਤਾਲੇ ਲੱਗਣ ਦੀ ਸੰਭਾਵਨਾ ਵਾਲੇ ਤਕਨੀਕੀ ਕਾਲਜਾਂ ‘ਚ ਐਤਕੀਂ ਵਧੇ 10 ਤੋਂ 15 ਫ਼ੀਸਦੀ ਦਾਖ਼ਲੇ
ਚੰਡੀਗੜ੍ਹ, 24 ਅਕਤੂਬਰ (ਪੰਜਾਬ ਮੇਲ)-ਕੈਨੇਡਾ ਦੇ ਮੰਦਵਾੜੇ ਨੇ ਪੰਜਾਬ ਦੇ ਤਕਨੀਕੀ ਕਾਲਜ ਤਾਰ ਦਿੱਤੇ ਹਨ, ਜਿਨ੍ਹਾਂ ਕਾਲਜਾਂ ਨੂੰ ਤਾਲੇ ਲੱਗਣ ਦੀ ਨੌਬਤ ਬਣ ਗਈ ਸੀ, ਉਨ੍ਹਾਂ ਦੇ ਦਰਵਾਜ਼ੇ ਮੁੜ ਖੁੱਲ੍ਹੇ ਹਨ। ਪਿਛਲੇ ਵਰ੍ਹੇ ਪਿਆ ਮੋੜਾ ਐਤਕੀਂ ਦਾਖ਼ਲਿਆਂ ‘ਚ ਰੰਗ ਦਿਖਾਉਣ ਲੱਗਿਆ ਹੈ। ਇਸ ਵੇਲੇ ਪੰਜਾਬ ‘ਚ ਚਾਰ ਸਰਕਾਰੀ ਤਕਨੀਕੀ ‘ਵਰਸਿਟੀਆਂ ਹਨ ਜਿਨ੍ਹਾਂ ਅਧੀਨ ਸੈਂਕੜੇ ਸਰਕਾਰੀ ਤੇ ਪ੍ਰਾਈਵੇਟ ਕਾਲਜ ਆਉਂਦੇ ਹਨ।
ਇਨ੍ਹਾਂ ‘ਵਰਸਿਟੀਆਂ ਦੇ ਕੈਂਪਸਾਂ ਤੇ ਉਨ੍ਹਾਂ ਅਧੀਨ ਪੈਂਦੇ ਤਕਨੀਕੀ ਕਾਲਜਾਂ ‘ਚ ਐਤਕੀਂ 10 ਤੋਂ 15 ਫ਼ੀਸਦੀ ਦਾਖ਼ਲੇ ਵਧੇ ਹਨ। ਹੁਣ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕ ਵੀ ਆਸਵੰਦ ਹੋਏ ਹਨ। ਇਨ੍ਹਾਂ ਸਭਨਾਂ ‘ਵਰਸਿਟੀਆਂ ਤੇ ਕਾਲਜਾਂ ਵਿਚ ਕੁੱਲ 1,01,092 ਪ੍ਰਵਾਨਿਤ ਸੀਟਾਂ ਸਨ, ਜਿਨ੍ਹਾਂ ਵਿਚੋਂ ਐਤਕੀਂ 56,959 ਸੀਟਾਂ ਭਰ ਚੁੱਕੀਆਂ ਹਨ ਜੋ ਕਿ 56 ਫ਼ੀਸਦੀ ਬਣਦੀਆਂ ਹਨ। ਪਿਛਲੇ ਵਰ੍ਹੇ 1.09 ਲੱਖ ਪ੍ਰਵਾਨਿਤ ਸੀਟਾਂ ਵਿਚੋਂ 51,890 ਸੀਟਾਂ ਭਰੀਆਂ ਸਨ, ਜੋ 47 ਫ਼ੀਸਦੀ ਸਨ। 2022-23 ਵਿਚ 1.01 ਲੱਖ ਸੀਟਾਂ ਵਿਚੋਂ 47,301 ਸੀਟਾਂ ਭਰੀਆਂ ਸਨ ਜੋ ਕਿ 47 ਫ਼ੀਸਦੀ ਹਨ। ਆਈ. ਕੇ. ਗੁਜਰਾਲ ਪੀ. ਟੀ. ਯੂ. ਕਪੂਰਥਲਾ ‘ਚ ਐਤਕੀਂ 63.50 ਫ਼ੀਸਦੀ ਸੀਟਾਂ ਭਰੀਆਂ ਹਨ। ਇਸ ‘ਵਰਸਿਟੀ ਅਤੇ ਉਸ ਦੇ ਅਧੀਨ ਪੈਂਦੇ ਕਾਲਜਾਂ ‘ਚ ਕੁੱਲ ਪ੍ਰਵਾਨਿਤ 69,143 ਸੀਟਾਂ ਵਿਚੋਂ ਇਸ ਵਾਰ 43,904 ਸੀਟਾਂ ਭਰ ਗਈਆਂ ਹਨ। ਪਿਛਲੇ ਵਰ੍ਹੇ ਇਨ੍ਹਾਂ ਵਿਚ 50.74 ਅਤੇ 2022-23 ਵਿਚ 50.56 ਫ਼ੀਸਦੀ ਸੀਟਾਂ ਭਰੀਆਂ ਸਨ।
ਪੀ. ਟੀ. ਯੂ. ਕਪੂਰਥਲਾ ਦੇ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਆਖਦੇ ਹਨ ਕਿ ਕੈਨੇਡਾ ਦੀ ਸਖ਼ਤੀ ਤੇ ਮੰਦਵਾੜੇ ਦਾ ਵੱਡਾ ਯੋਗਦਾਨ ਹੈ ਕਿ ਤਕਨੀਕੀ ਸਿੱਖਿਆ ‘ਚ ਰੁਝਾਨ ਮੁੜ ਵਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੌਜੂਦਾ ਸਿਸਟਮ ਵਿਚ ਭਰੋਸਾ ਵਧਿਆ ਹੈ, ਜਿਸ ਕਰਕੇ ਰੋਜ਼ਗਾਰ ਦਰ ਵੀ ਵਧੀ ਹੈ। ਇਸ ਨਾਲ ਸਰਕਾਰ ਦਾ ਖਰਚਾ ਵੀ ਘਟੇਗਾ ਅਤੇ ‘ਵਰਸਿਟੀਆਂ ਦੇ ਵਿੱਤੀ ਸਰੋਤ ਵੀ ਵਧਣਗੇ।
ਮਹਾਰਾਜਾ ਰਣਜੀਤ ਸਿੰਘ ਪੀ. ਟੀ. ਯੂ. ਬਠਿੰਡਾ ਜੋ ਪਹਿਲਾਂ ਵਿੱਤੀ ਵਸੀਲਿਆਂ ਦੇ ਸੰਕਟ ਨਾਲ ਜੂਝ ਰਹੀ ਸੀ, ਇਸ ਮੌਜੂਦਾ ਰੁਝਾਨ ਤੋਂ ਕਾਫ਼ੀ ਆਸਵੰਦ ਹੈ। ਬਠਿੰਡਾ ‘ਵਰਸਿਟੀ ਦੇ ਡੀਨ ਪ੍ਰੋ. ਬੂਟਾ ਸਿੰਘ ਜੋ ਕਿ ਪਹਿਲਾਂ ‘ਵਰਸਿਟੀ ਦੇ ਵਾਈਸ ਚਾਂਸਲਰ ਰਹਿ ਚੁੱਕੇ ਹਨ, ਦਾ ਕਹਿਣਾ ਸੀ ਕਿ ਯੂਨੀਵਰਸਿਟੀ ਕੈਂਪਸ ਵਿਚ ਦਾਖ਼ਲੇ ਵਧੇ ਹਨ ਅਤੇ ਕਾਲਜਾਂ ਵਿਚ ਨਵੇਂ ਕੋਰਸਾਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਅਧੀਨ ਕੋਈ ਕਾਲਜ ਨਹੀਂ ਹੈ ਪ੍ਰੰਤੂ ਇਸ ‘ਵਰਸਿਟੀ ਦੇ ਕੈਂਪਸ ਵਿਚ ਐਤਕੀਂ 46.13 ਫ਼ੀਸਦੀ ਸੀਟਾਂ ਭਰ ਚੁੱਕੀਆਂ ਹਨ। ਇਸੇ ਤਰ੍ਹਾਂ ਹੀ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਚ ਵੀ ਇਸ ਸਾਲ 72.23 ਫ਼ੀਸਦੀ ਸੀਟਾਂ ਭਰ ਚੁੱਕੀਆਂ ਹਨ।