#AUSTRALIA

ਫ਼ਰਜ਼ੀ ਅਰਜ਼ੀਆਂ ਵਧਣ ਕਾਰਨ 5 ਆਸਟਰੇਲਿਆਈ ਯੂਨੀਵਰਸਿਟੀਆਂ ਵੱਲੋਂ ਭਾਰਤੀ ਰਾਜਾਂ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ ਪਾਬੰਦੀ

-ਪੰਜਾਬ ਸਮੇਤ 8 ਭਾਰਤੀ ਰਾਜਾਂ ਦੇ ਵਿਦਿਆਰਥੀਆਂ ਦੀਆਂ ਅਰਜ਼ੀਆ ‘ਤੇ ਲਾਈ ਪਾਬੰਦੀ
ਮੈਲਬਰਨ, 18 ਅਪ੍ਰੈਲ (ਪੰਜਾਬ ਮੇਲ)- ਫ਼ਰਜ਼ੀ ਅਰਜ਼ੀਆਂ ਦੇ ਵਧਣ ਕਾਰਨ ਘੱਟੋ-ਘੱਟ ਪੰਜ ਆਸਟਰੇਲਿਆਈ ਯੂਨੀਵਰਸਿਟੀਆਂ ਨੇ ਕੁਝ ਭਾਰਤੀ ਰਾਜਾਂ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਸਟਰੇਲੀਆ ਵਿਚ ਇਸ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ 75,000 ਦੇ 2019 ਦੇ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਗਲੋਬਲ ਐਜੂਕੇਸ਼ਨ ਫਰਮ ਨੇਵਿਟਾਸ ਦੇ ਜੌਹਨ ਚਿਊ ਨੇ ਕਿਹਾ, ‘ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਉਮੀਦ ਨਾਲੋਂ ਕਿਤੇ ਵੱਧ ਹੈ। ਸਾਨੂੰ ਪਤਾ ਸੀ ਕਿ ਗਿਣਤੀ ਕਾਫੀ ਵਧੇਗੀ ਪਰ ਇਸ ਦੇ ਨਾਲ ਹੀ ਫਰਜ਼ੀ ਵਿਦਿਆਰਥੀਆਂ ਦੀ ਗਿਣਤੀ ਵੀ ਵਧੀ ਹੈ।’ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਈ ਯੂਨੀਵਰਸਿਟੀਆਂ ਹੁਣ ਸਥਿਤੀ ਨਾਲ ਨਜਿੱਠਣ ਲਈ ਪਾਬੰਦੀਆਂ ਲਗਾ ਰਹੀਆਂ ਹਨ। ਵਿਕਟੋਰੀਆ ਯੂਨੀਵਰਸਿਟੀ, ਐਡਿਥ ਕੋਵਾਨ ਯੂਨੀਵਰਸਿਟੀ, ਵੋਲੋਂਗੌਂਗ ਯੂਨੀਵਰਸਿਟੀ, ਟੋਰੇਨਸ ਯੂਨੀਵਰਸਿਟੀ ਅਤੇ ਸਾਊਥ ਕਰਾਸ ਯੂਨੀਵਰਸਿਟੀ ਨੇ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ‘ਤੇ ਪਾਬੰਦੀਸ਼ੁਦਾ ਕਾਰਵਾਈ ਕੀਤੀ ਹੈ। ਫਰਵਰੀ ਵਿਚ ਪਰਥ ਸਥਿਤ ਐਡਿਥ ਕੋਵਾਨ ਯੂਨੀਵਰਸਿਟੀ ਨੇ ਪੰਜਾਬ ਅਤੇ ਹਰਿਆਣਾ ਰਾਜਾਂ ਦੇ ਬਿਨੈਕਾਰਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਮਾਰਚ ਵਿਚ ਵਿਕਟੋਰੀਆ ਯੂਨੀਵਰਸਿਟੀ ਨੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਸਮੇਤ ਅੱਠ ਭਾਰਤੀ ਰਾਜਾਂ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ‘ਤੇ ਪਾਬੰਦੀਆਂ ਵਧਾ ਦਿੱਤੀਆਂ।

Leave a comment