-ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ‘ਚ ਹੋਇਆ ਵਾਧਾ
ਲੁਧਿਆਣਾ, 21 ਅਕਤੂਬਰ (ਪੰਜਾਬ ਮੇਲ)- ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸਬੀਤਾਂ ਵੱਧ ਗਈਆਂ ਹਨ। ਅਦਾਲਤ ਨੇ 2000 ਕਰੋੜ ਟੈਂਡਰ ਘਪਲੇ ਮਾਮਲੇ ਵਿਚ 29 ਮੁਲਜ਼ਮਾਂ ਨੂੰ ਸੰਮਨ ਭੇਜੇ ਹਨ। ਈ.ਡੀ. ਵੱਲੋਂ 19 ਤਾਰੀਖ਼ ਨੂੰ ਮੁਲਜ਼ਮਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰਨ ‘ਤੇ ਕੋਰਟ ਨੇ ਸੰਮਨ ਜਾਰੀ ਕਰਨ ਦੇ ਹੁਕਮ ਦਿੱਤੇ। ਇਹ ਹੁਕਮ ਪੀ.ਐੱਮ.ਐੱਲ.ਏ. ਜਲੰਧਰ ਦੇ ਸਪੈਸ਼ਲ ਜੱਜ ਡੀ.ਪੀ. ਸਿੰਗਲਾ ਵੱਲੋਂ ਦਿੱਤੇ ਗਏ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਸ ਮਾਮਲੇ ਵਿਚ ਆਸ਼ੂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਸੰਮਨ ਅਤੇ ਪੁੱਛਗਿੱਛ ਪ੍ਰਕਿਰਿਆ ਮਗਰੋਂ ਆਸ਼ੂ ਨੂੰ ਜ਼ਮਾਨਤ ਮਿਲਣਾ ਸੌਖਾ ਨਹੀਂ ਹੋਵੇਗਾ। ਇਸ ਲਈ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਵਾਰ ਦੀਵਾਲੀ ਜੇਲ੍ਹ ਵਿਚ ਹੀ ਮਨਾਉਣੀ ਪਵੇ। ਭਾਰਤ ਭੂਸ਼ਣ ਆਸ਼ੂ 2017 ਤੋਂ 2022 ਤੱਕ ਪੰਜਾਬ ਵਿਚ ਕਾਂਗਰਸ ਸਰਕਾਰ ‘ਚ ਕੈਬਨਿਟ ਮੰਤਰੀ ਸਨ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਦੇ ਰਹਿੰਦਿਆਂ ਟੈਂਡਰ ਪ੍ਰਕੀਰਿਆ ‘ਚ ਕਰੋੜਾਂ ਦਾ ਘਪਲਾ ਕੀਤਾ ਗਿਆ ਹੈ। ਵਿਜੀਲੈਂਸ ਇਸ ਮਾਮਲੇ ਵਿਚ ਅਦਾਲਤ ਵਿਚ ਚਾਲਾਨ ਵੀ ਪੇਸ਼ ਕਰ ਚੁੱਕੀ ਹੈ। ਇਸ ਮਗਰੋਂ ਇਸ ਮਾਮਲੇ ਨਾਲ ਜੁੜੇ ਦਸਤਾਵੇਜ਼ ਈ.ਡੀ. ਨੇ ਮੰਗੇ ਸਨ ਤੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕੀਤੀ। ਈ.ਡੀ. ਨੇ ਇਸ ਮਾਮਲੇ ਵਿਚ ਪਿਛਲੇ ਸਾਲ ਅਗਸਤ ਵਿਚ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ। ਇਸ ਸਾਲ ਅਗਸਤ ਦੀ ਸ਼ੁਰੂਆਤ ਵਿਚ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ ਵੇਲੇ ਤੋਂ ਆਸ਼ੂ ਜੇਲ੍ਹ ਵਿਚ ਹੀ ਹਨ।
ਅਦਾਲਤ ਵੱਲੋਂ 29 ਮੁਲਜ਼ਮਾਂ ਨੂੰ ਸੰਮਨ ਭੇਜੇ ਗਏ ਹਨ। ਇਨ੍ਹਾਂ ਵਿਚ ਰਾਜਦੀਪ ਸਿੰਘ, ਮੀਨੂੰ ਮਲਹੋਤਰਾ, ਆਰ.ਕੇ. ਸਿੰਗਲਾ, ਪੰਕਜ ਮਲਹੋਤਰਾ ਅਤੇ ਹੋਰ ਸ਼ਾਮਲ ਹਨ। ਮਾਮਲੇ ਤਹਿਤ ਦੁਬਾਰਾ ਪੁੱਛਗਿੱਛ ਕੀਤੀ ਜਾਵੇਗੀ ਤੇ ਸਬੂਤ ਜੁਟਾਏ ਜਾਣਗੇ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਬੂਤ ਹੋਣ ‘ਤੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ। ਜਾਣਕਾਰੀ ਹੈ ਕਿ ਅਜੇ ਵਿਭਾਗ ਅਗਲੇਰੀ ਜਾਂਚ ਕਰ ਰਿਹਾ ਹੈ ਤੇ ਮਾਮਲੇ ਵਿਚ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।