#PUNJAB

ਪੰਜਾਬ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਨਿਰਮਲ ਸਿੰਘ ਭੋਰ ਦਾ ਅਮਰੀਕਾ ‘ਚ ਦਿਹਾਂਤ

ਕਪੂਰਥਲਾ, 19 ਅਕਤੂਬਰ (ਪੰਜਾਬ ਮੇਲ)- ਲੋਕ ਪ੍ਰਸਿੱਧ ਕਥਾਵਾਚਕ ਗਿਆਨੀ ਨਿਰਮਲ ਸਿੰਘ ਭੋਰ ਦੀ ਅਮਰੀਕਾ ਵਿਚ ਸਿਹਤ ਵਿਗੜਨ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਨਿਰਮਲ ਸਿੰਘ ਭੋਰ ਨੇ ਕੈਲੀਫੋਰਨੀਆ ਦੇ ਯੂਬਾ ਸਿਟੀ ‘ਚ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਯਾਦ ਵਿਚ 20 ਤੋਂ 26 ਅਕਤੂਬਰ ਨੂੰ ਪਿੰਡ ਭੋਰ, ਕਪੂਰਥਲਾ ਵਿਚ ਸਹਿਜ ਪਾਠ ਰੱਖਿਆ ਜਾਵੇਗਾ। ਨਿਰਮਲ ਸਿੰਘ ਦੀ ਮੌਤ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।
ਉਨ੍ਹਾਂ ਦੇ ਬੇਟੇ ਜਸਵਿੰਦਰ ਸਿੰਘ ਭੋਰ ਨੇ ਦੱਸਿਆ ਕਿ ਉਹ ਢਾਈ ਮਹੀਨੇ ਪਹਿਲਾਂ ਗੁਰੂ ਨਾਨਕ ਲੇਵਾ ਸੰਗਤ ਦੇ ਕੰਟਰੋਲ ‘ਤੇ ਅਮਰੀਕਾ ਵਿਚ ਆਯੋਜਿਤ ਅਖੰਡ ਪਾਠ ਦੇ ਭੋਗ ਤੋਂ ਬਾਅਦ ਕੀਤੇ ਜਾਣ ਵਾਲੇ ਕੀਰਤਨ ਵਿਚ ਆਪਣੀ ਮੰਡਲੀ ਨਾਲ ਗਏ ਸਨ। 15 ਅਕਤੂਬਰ ਦੀ ਰਾਤ ਉਨ੍ਹਾਂ ਦੀ ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਯੂਬਾ ਸਿਟੀ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਡਾਕਟਰਾਂ ਦੀਆਂ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਉਨ੍ਹਾਂ ਦੀ ਮੌਤ 16 ਅਕਤੂਬਰ ਨੂੰ ਅਮਰੀਕਾ ਦੇ ਸਮੇਂ ਅਨੁਸਾਰ ਦੁਪਹਿਰ 1:55 ਵਜੇ ਹੋਈ। ਯੂਬਾ ਸਿਟੀ ਅਮਰੀਕਾ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਪੁੱਤਰ ਅਤੇ ਇਕ ਧੀ ਛੱਡ ਗਏ ਹਨ। ਅਮਰੀਕਾ ਵਿਚ 22 ਅਕਤੂਬਰ ਨੂੰ ਅੰਤਿਮ ਅਰਦਾਸ ਕੀਤੀ ਜਾਵੇਗੀ।